#  info@theaonemedia.com



Punjab Bandh: ਕਿਸਾਨਾਂ ਨੇ ਕਈ ਥਾਵਾਂ 'ਤੇ ਕੀਤੀਆਂ ਸੜਕਾਂ ਜਾਮ, ਆਵਾਜਾਈ ਹੋਈ ਠੱਪ !




Punjab Bandh: ਸ਼ਾਮ 4 ਵਜੇ ਤਕ ਪੰਜਾਬ ਬੰਦ ਰਹੇਗਾ

Punjab Bandh: ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿਤੇ ਗਏ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੂਬੇ ਵਿਚ ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੜਕਾਂ ਜਾਮ ਕਰ ਕੇ ਆਵਾਜਾਈ ਰੋਕੀ ਗਈ ਹੈ।

ਕੇਂਦਰ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਬੰਦ ਦਾ ਸੱਦਾ ਦਿਤਾ ਸੀ।

ਇਸ ਤਹਿਤ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ। ਢੇਰੀ ਜੱਟਾਂ ਟੋਲ ਪਲਾਜ਼ਾ ’ਤੇ ਕਿਸਾਨਾਂ ਦੇ ਧਰਨੇ ਕਾਰਨ ਪਟਿਆਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਠੱਪ ਕੀਤੀ ਗਈ ਹੈ।

ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਜਦਕਿ ਬਠਿੰਡਾ ਦੇ ਰਾਮਪੁਰਾ ਫੂਲ 'ਚ ਉਨ੍ਹਾਂ ਨੇ ਸੜਕਾਂ ਜਾਮ ਕਰ ਦਿਤੀਆਂ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, “ਇਹ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ। ਹਾਲਾਂਕਿ ਐਮਰਜੈਂਸੀ ਸੇਵਾਵਾਂ ਚਲਦੀਆਂ ਰਹਿਣਗੀਆਂ। ਹਵਾਈ ਯਾਤਰਾ ਲਈ ਹਵਾਈ ਅੱਡੇ 'ਤੇ ਜਾਣ ਵਾਲੇ, ਨੌਕਰੀ ਲਈ ਇੰਟਰਵਿਊ ਲਈ ਜਾਂ ਵਿਆਹਾਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬੰਦ ਦੇ ਸੱਦੇ ਤੋਂ ਛੋਟ ਦਿਤੀ ਜਾਵੇਗੀ।

ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) ਦਾ ਮਰਨ ਵਰਤ ਸੋਮਵਾਰ ਨੂੰ 35ਵੇਂ ਦਿਨ ਵੀ ਜਾਰੀ ਰਿਹਾ।

ਡੱਲੇਵਾਲ ਨੇ ਹੁਣ ਤਕ ਡਾਕਟਰੀ ਇਲਾਜ ਕਰਵਾਉਣ ਤੋਂ ਇਨਕਾਰ ਕੀਤਾ ਹੈ।

ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਸੈਂਕੜੇ ਕਿਸਾਨ ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਡੱਲੇਵਾਲ ਨੇ ਪਹਿਲਾਂ ਕਿਹਾ ਸੀ ਕਿ ਉਹ ਉਦੋਂ ਤੱਕ ਆਪਣਾ ਮਰਨ ਵਰਤ ਨਹੀਂ ਤੋੜਣਗੇ ਜਦੋਂ ਤਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ।

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 31 ਦਸੰਬਰ ਤਕ ਦਾ ਸਮਾਂ ਦਿਤਾ ਹੈ ਕਿ ਉਹ ਡੱਲੇਵਾਲ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਲਈ ਮਨਾਵੇ ਅਤੇ ਸੂਬੇ ਨੂੰ ਵੀ ਲੋੜ ਪੈਣ 'ਤੇ ਕੇਂਦਰ ਸਰਕਾਰ ਤੋਂ ਮਦਦ ਲੈਣ ਦੀ ਆਜ਼ਾਦੀ ਹੈ।

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਸੁਰੱਖਿਆ ਬਲਾਂ ਵਲੋਂ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ਤੋਂ ਬਾਅਦ 13 ਫ਼ਰਵਰੀ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਸ਼ੰਭੂ ਅਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਹਨ।

6 ਤੋਂ 14 ਦਸੰਬਰ ਦੇ ਵਿਚਕਾਰ 101 ਕਿਸਾਨਾਂ ਦੇ ਇੱਕ ਸਮੂਹ ਨੇ ਤਿੰਨ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਐਮਐਸਪੀ ਤੋਂ ਇਲਾਵਾ ਕਿਸਾਨ ਕਰਜ਼ਾ ਮੁਆਫ਼ੀ, ਪੈਨਸ਼ਨ, ਬਿਜਲੀ ਦਰਾਂ ਵਿਚ ਕੋਈ ਵਾਧਾ ਨਾ ਕਰਨ, ਪੁਲਿਸ ਕੇਸ ਵਾਪਸ ਲੈਣ ਅਤੇ 2021 ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਲਈ 'ਇਨਸਾਫ਼' ਦੀ ਮੰਗ ਕਰ ਰਹੇ ਹਨ।







Copyright © 2019-22 THEAONEMEDIA