#  info@theaonemedia.com

Safar-e-Shahadat: ਛੋਟੇ ਛੋਟੇ ਬਾਲਾਂ ਨੇ ਦੇਖੋ ਕਿੰਨਾ ਸਬਰ ਦਿਖਾਇਆ ਸੀ

Safar-e-Shahadat: ਛੋਟੇ ਛੋਟੇ ਬਾਲਾਂ ਨੇ ਦੇਖੋ, ਕਿੰਨਾ ਸਬਰ ਦਿਖਾਇਆ ਸੀ।   ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।

ਛੋਟੇ ਛੋਟੇ ਬਾਲਾਂ ਨੇ ਦੇਖੋ, ਕਿੰਨਾ ਸਬਰ ਦਿਖਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਸਰਸਾ ਕੰਢੇ ਵਿਛੜੇ ਸਨ, ਰਾਹ ਜੰਗਲਾਂ ਦੇ ਪੈ ਗਏ ਜੀ।
  ਵੀਰਿਆਂ ਕੋਲੋਂ ਦੂਰ ਕਿੰਨਾ ਹੁਣ, ਦਾਦੀ ਮਾਂ ਰਹਿ ਗਏ ਜੀ।
ਨਿੱਕੀਆਂ ਨਿੱਕੀਆਂ ਗੱਲਾਂ ਕਹਿ, ਉਨ੍ਹਾਂ ਜੀਅ ਦਾਦੀ ਦਾ ਲਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਪੋਹ ਦੀ ਠੰਢ ਵਿਚ, ਠੁਰ ਠੁਰ ਕਰਦੇ, ਪਿੰਡ ਖੇੜੀ ਦੇ ਵਿਚ ਆਏ।
  ਗੰਗੂ ਦੀ ਉਨ੍ਹਾਂ ਅਰਜ਼ ਸੁਣੀ, ਉਹਦੇ ਘਰ ਵਿਚ ਆਸਣ ਲਾਏ।
ਲਾਲਚ ਦੇ ਵਿਚ ਆ ਗੰਗੂ ਨੇ, ਕੈਦ ਲਾਲਾਂ ਨੂੰ ਕਰਵਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਦਾਦੀ ਮਾਂ ਸੰਗ ਲਾਲਾਂ ਨੂੰ, ਠੰਢੇ ਬੁਰਜ ’ਚ ਆਣ ਬਿਠਾਇਆ।
  ਠੰਢੀਆਂ ਠੰਢੀਆਂ ਪੌਣਾਂ ਨੇ, ਕਾਂਬਾ ਸਰੀਰ ਨੂੰ ਬੜਾ ਸੀ ਲਾਇਆ।
ਦਾਦੀ ਮਾਂ ਦੀ ਗੋਦ ’ਚ ਬਹਿ, ਉਨ੍ਹਾਂ ਠੰਢ ਨੂੰ ਦੂਰ ਭਜਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਸੂਬੇ ਦੀ ਕਚਹਿਰੀ ਵਿਚ, ਲਾਲ ਨਾਲ ਤਰਕ ਦੇ ਬੋਲੇ।
  ਸੂਬਾ ਦੇਵੇ ਲਾਲਚ ਕਿੰਨੇ, ਪਰ ਲਾਲ ਰਤਾ ਨਾ ਡੋਲੇ।
ਦਸ਼ਮੇਸ਼ ਪਿਤਾ ਦੇ ਲਾਲਾਂ ਨੇ, ਸੂਬਾ ਝੂਠਾ ਠਹਿਰਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਈਨ ਨਾ ਮੰਨੀ ਜਦੋਂ ਬਾਲਕਾਂ, ਫਿਰ ਲੱਗੇ ਛਟੀਆਂ ਮਾਰਨ।
  ਕਦੇ ਗੁਲੇਲਾਂ ਮਾਰਨ ਜੀ, ਕਦੇ ਬਾਲ ਪੁਲੀਤੇ ਹੱਥ ਸਾੜਨ।
ਦੇਖ ਸਿਦਕ ਛੋਟੇ ਲਾਲਾਂ ਦਾ, ਸੂਬਾ ਸਰਹਿੰਦ ਬੁਖਲਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਚਿਣ ਦੇਵੋ ਦੀਵਾਰ ਦੇ ਅੰਦਰ, ਸੂਬੇ ਨੇ ਸਜ਼ਾ ਸੁਣਾਈ।
  ਦਾਦੀ ਮਾਂ ਨੇ ਆਖ਼ਰੀ ਵਾਰ, ਗਲਵਕੜੀ ਲਾਲਾਂ ਨੂੰ ਪਾਈ।
ਸ਼ਾਬਾਸ਼ ਮੇਰੇ ਬੱਚਿਉਂ ਕਹਿ, ਦਾਦੀ ਮਾਂ ਨੇ ਸਜਾਇਆ ਸੀ।
  ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।
ਬੋਲ ਵਾਹਿਗੁਰੂ ਲਾਲ ਗੁਰਾਂ ਦੇ, ਆਣ ਨੀਹਾਂ ਵਿਚ ਖੜ ਗਏ।
  ਗੁਰਬਾਣੀ ਨੂੰ ਪੜ੍ਹਦੇ ਪੜ੍ਹਦੇ, ਨਾਲ ਜ਼ੁਲਮ ਦੇ ਲੜ ਗਏ।
‘ਅਮਰ’ ਕਹੇ ਇੰਝ ਨਿੱਕੀਆਂ ਜਿੰਦਾਂ, ਸਾਕਾ ਵੱਡਾ ਰਚਾਇਆ ਸੀ।
  ਦਸ਼ਮੇਸ਼ ਪਿਤਾ ਦੇ ਲਾਲਾਂ ਨੇ, ਕਿੰਨਾ ਸਬਰ ਦਿਖਾਇਆ ਸੀ।
ਜਿੰਦ ਜਾਨ ਵਾਰ ਕੇ ਲਾਲਾਂ, ਸਿੱਖੀ ਸਿਦਕ ਨਿਭਾਇਆ ਸੀ।

Copyright © 2019-22 THEAONEMEDIA