ਨਿਊਯਾਰਕ ਦੀ ਸੰਘੀ ਅਦਾਲਤ ਦੇ ਜੱਜ ਵਿਕਟਰ ਮਾਰੇਰੋ ਨੇ ਸੁਣਾਈ ਸਜ਼ਾ |
ਅਮਰੀਕੀ ਅਦਾਲਤ ਨੇ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਸਬੰਧ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਅਤੇ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਾਲ ਦੇ ਸ਼ੁਰੂ ਵਿੱਚ, 55 ਸਾਲਾ ਨਿਖਿਲ ਨੇ ਕਤਲ ਕਰਨ ਲਈ ਉਕਸਾਉਣ, ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ।
ਸ਼ੁੱਕਰਵਾਰ ਨੂੰ ਸਜ਼ਾ ਸੁਣਾਏ ਜਾਣ ਦੌਰਾਨ, ਨਿਖਿਲ ਨੇ ਅਦਾਲਤ ਵਿੱਚ ਪੰਨੂ ਤੋਂ ਮੁਆਫ਼ੀ ਵੀ ਮੰਗੀ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ ਅਤੇ ਉਹ ਇਸ ਨੂੰ ਬਦਲ ਨਹੀਂ ਸਕਦਾ। ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮਰੇਰੋ ਨੇ ਲਗਭਗ 80 ਮਿੰਟ ਚੱਲੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ।
ਨਿਖਿਲ ਨੇ ਅਦਾਲਤ ਵਿੱਚ ਅੰਗਰੇਜ਼ੀ ਵਿੱਚ ਲਗਭਗ 6 ਮਿੰਟ ਤੱਕ ਗੱਲ ਕੀਤੀ। ਮਹਾਤਮਾ ਗਾਂਧੀ, ਮਦਰ ਟੈਰੇਸਾ, ਨੈਲਸਨ ਮੰਡੇਲਾ ਅਤੇ ਮਾਰਟਿਨ ਲੂਥਰ ਕਿੰਗ ਦਾ ਹਵਾਲਾ ਦਿੰਦਿਆਂ, ਉਸ ਨੇ ਕਿਹਾ ਕਿ ਉਹ ਇਨ੍ਹਾਂ ਆਗੂਆਂ ਦੁਆਰਾ ਦਿਖਾਏ ਗਏ ਰਾਹ 'ਤੇ ਚੱਲਣਾ ਚਾਹੁੰਦਾ ਸੀ।
ਇਸ ਤੋਂ ਬਾਅਦ, ਉਸ ਨੇ ਪੰਨੂ ਵੱਲ ਦੇਖਿਆ ਅਤੇ ਕਿਹਾ, "ਮੈਂ ਜੋ ਕੀਤਾ ਹੈ, ਉਸ ਨੂੰ ਬਦਲ ਨਹੀਂ ਸਕਦਾ। ਮੈਂ ਪੰਨੂ, ਸਿੱਖ ਭਾਈਚਾਰੇ ਅਤੇ ਇਸ ਨਾਲ ਜੁੜੇ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ। ਮੈਨੂੰ ਸੱਚਮੁੱਚ ਬਹੁਤ ਅਫ਼ਸੋਸ ਹੈ।" ਗੱਲ ਕਰਦੇ ਹੋਏ ਨਿਖਿਲ ਭਾਵੁਕ ਹੋ ਗਿਆ। ਉਸ ਨੇ ਦੱਸਿਆ ਕਿ ਇਸ ਸਥਿਤੀ ਕਾਰਨ ਉਸ ਦੀ ਪਤਨੀ, ਮਾਂ ਅਤੇ ਬੱਚੇ ਵੀ ਦੁੱਖ ਝੱਲ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ।