ਧੀ ਦੇ ਵਿਛੋੜੇ ਦਾ ਅਜਿਹਾ ਦਰਦ, 3 ਸਾਲਾਂ ਤੋਂ ਨੰਗੇ ਪੈਰ ਤੁਰ ਰਹੇ ਨੇ ਮਸ਼ਹੂਰ ਅਦਾਕਾਰ ਵਿਜੇ ਐਂਟਨੀ, ਪਤਨੀ ਨੇ ਕੀਤਾ ਭਾਵੁਕ ਖ਼ੁਲਾਸਾ |




ਮਹਿੰਗੀਆਂ ਘੜੀਆਂ ਛੱਡ ਕੇ ਸਿਰਫ਼ ਧੀ ਦੀ ਨਿਸ਼ਾਨੀ ਗੁੱਟ 'ਤੇ ਬੰਨ੍ਹਦੇ ਨੇ ਵਿਜੇ |

ਇੱਕ ਪਿਤਾ ਲਈ ਆਪਣੀ ਜਵਾਨ ਧੀ ਨੂੰ ਖੋਹਣ ਦਾ ਦੁੱਖ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਤਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ ਸੰਗੀਤਕਾਰ ਵਿਜੇ ਐਂਟਨੀ ਪਿਛਲੇ ਤਿੰਨ ਸਾਲਾਂ ਤੋਂ ਇੱਕ ਅਜਿਹੇ ਹੀ ਅਸਹਿ ਦਰਦ ਨੂੰ ਆਪਣੇ ਸੀਨੇ ਵਿੱਚ ਸਮੋਈ ਬੈਠੇ ਹਨ। 51 ਸਾਲਾ ਵਿਜੇ ਐਂਟਨੀ ਨੂੰ ਅਕਸਰ ਲੋਕ ਬਿਨਾਂ ਜੁੱਤੀ-ਚੱਪਲ ਦੇ ਨੰਗੇ ਪੈਰ ਦੇਖ ਕੇ ਹੈਰਾਨ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਇਸ ਬਾਰੇ ਕੁਝ ਨਹੀਂ ਕਿਹਾ। ਹੁਣ ਉਨ੍ਹਾਂ ਦੀ ਪਤਨੀ ਫਾਤਿਮਾ ਵਿਜੇ ਐਂਟਨੀ ਨੇ ਇਸ ਪਿੱਛੇ ਦਾ ਜੋ ਕਾਰਨ ਦੱਸਿਆ ਹੈ, ਉਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

ਚੇਨਈ ਵਿੱਚ ਨਿਰਦੇਸ਼ਕ ਮਾਰਨ ਦੀ ਆਉਣ ਵਾਲੀ ਫ਼ਿਲਮ 'ਅੱਪਾ ਕੁੱਟੀ' ਦੇ ਪ੍ਰੀ-ਰਿਲੀਜ਼ ਸਮਾਗਮ ਦੌਰਾਨ ਫਾਤਿਮਾ ਆਪਣੀ ਧੀ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਈ। ਬੇਹੱਦ ਭਾਵੁਕ ਹੁੰਦਿਆਂ ਉਨ੍ਹਾਂ ਦੱਸਿਆ ਕਿ ਵਿਜੇ ਦੇ ਨੰਗੇ ਪੈਰ ਰਹਿਣ ਦਾ ਕਾਰਨ ਉਨ੍ਹਾਂ ਦੀ ਵੱਡੀ ਧੀ ਮੀਰਾ ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ ਨੇ 19 ਸਤੰਬਰ 2023 ਨੂੰ ਮਹਿਜ਼ 16 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

ਧੀ ਦੀਆਂ ਜੁੱਤੀਆਂ ਵੇਖ ਕੇ ਟੁੱਟ ਗਿਆ ਸੀ ਪਿਤਾ ਦਾ ਦਿਲ
ਫਾਤਿਮਾ ਨੇ ਦੱਸਿਆ ਕਿ ਮੀਰਾ ਕਾਲਜ ਜਾਣ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੇ ਅਮਰੀਕਾ ਅਤੇ ਲੰਡਨ ਵਰਗੀਆਂ ਥਾਵਾਂ ਤੋਂ ਉਸ ਲਈ ਕਈ ਜੋੜੀ ਜੁੱਤੀਆਂ ਅਤੇ ਚੱਪਲਾਂ ਖ਼ਰੀਦੀਆਂ ਸਨ। ਅੱਜ ਵੀ ਉਹ ਸਾਰੀਆਂ ਜੁੱਤੀਆਂ ਘਰ ਵਿੱਚ ਉਵੇਂ ਹੀ ਪਈਆਂ ਹਨ। ਮੀਰਾ ਦੇ ਜਾਣ ਤੋਂ ਬਾਅਦ ਜਦੋਂ ਵਿਜੇ ਐਂਟਨੀ ਨੇ ਆਪਣੀ ਲਾਡਲੀ ਧੀ ਦੀਆਂ ਜੁੱਤੀਆਂ ਦਾ ਉਹ ਭੰਡਾਰ ਵੇਖਿਆ, ਤਾਂ ਉਹ ਅੰਦਰੋਂ ਟੁੱਟ ਗਏ। ਉਸੇ ਦਿਨ ਉਨ੍ਹਾਂ ਨੇ ਸਹੁੰ ਖਾਧੀ ਕਿ ਉਹ ਸਾਰੀ ਉਮਰ ਕਦੇ ਵੀ ਜੁੱਤੀ-ਚੱਪਲ ਨਹੀਂ ਪਾਉਣਗੇ।

ਫਾਤਿਮਾ ਮੁਤਾਬਕ, ਵਿਜੇ ਸਿਰਫ਼ ਉਦੋਂ ਹੀ ਮਜਬੂਰੀ ਵੱਸ ਜੁੱਤੀ ਪਾਉਂਦੇ ਹਨ ਜਦੋਂ ਉਨ੍ਹਾਂ ਨੇ ਲੰਡਨ, ਪੈਰਿਸ, ਸਿੰਗਾਪੁਰ ਜਾਂ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਮਿਊਜ਼ਿਕ ਕੰਸਰਟ ਕਰਨਾ ਹੁੰਦਾ ਹੈ ਪਰ ਜਿਵੇਂ ਹੀ ਕੰਸਰਟ ਖ਼ਤਮ ਹੁੰਦਾ ਹੈ, ਉਹ ਤੁਰੰਤ ਆਪਣੀਆਂ ਜੁੱਤੀਆਂ ਲਾਹ ਦਿੰਦੇ ਹਨ।

ਮਹਿੰਗੀਆਂ ਘੜੀਆਂ ਛੱਡ ਕੇ ਸਿਰਫ਼ ਧੀ ਦੀ ਨਿਸ਼ਾਨੀ ਗੁੱਟ 'ਤੇ ਬੰਨ੍ਹਦੇ ਨੇ ਵਿਜੇ
ਇੱਕ ਪਿਤਾ ਦੇ ਪਿਆਰ ਦੀ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਫਾਤਿਮਾ ਨੇ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਵਿਜੇ ਐਂਟਨੀ ਨੇ ਰਾਡੋ ਅਤੇ ਰੋਲੇਕਸ ਵਰਗੀਆਂ ਆਪਣੀਆਂ ਸਾਰੀਆਂ ਲਗਜ਼ਰੀ ਘੜੀਆਂ ਪਾਉਣੀਆਂ ਵੀ ਛੱਡ ਦਿੱਤੀਆਂ ਹਨ। ਹੁਣ ਉਹ ਸਿਰਫ਼ ਉਹੀ ਘੜੀ ਆਪਣੇ ਗੁੱਟ 'ਤੇ ਬੰਨ੍ਹਦੇ ਹਨ, ਜੋ ਮੀਰਾ ਨੇ ਆਪਣੇ ਆਖ਼ਰੀ ਸਮੇਂ ਵਿੱਚ ਪਾਈ ਹੋਈ ਸੀ। ਫਾਤਿਮਾ ਨੇ ਭਰੇ ਮਨ ਨਾਲ ਦੱਸਿਆ ਕਿ ਉਹ 4000 ਰੁਪਏ ਦੀ ਘੜੀ ਉਨ੍ਹਾਂ ਨੇ ਆਪਣੀ ਧੀ ਦੀ ਪਸੰਦ 'ਤੇ ਖ਼ਰੀਦੀ ਸੀ ਅਤੇ ਹੁਣ ਵਿਜੇ ਉਸੇ ਘੜੀ ਦੇ ਰੂਪ ਵਿੱਚ ਆਪਣੀ ਧੀ ਦੀਆਂ ਯਾਦਾਂ ਨੂੰ ਹਰ ਪਲ ਆਪਣੇ ਨਾਲ ਰੱਖਦੇ ਹਨ।

ਜ਼ਿਕਰਯੋਗ ਹੈ ਕਿ ਵਿਜੇ ਐਂਟਨੀ ਅਤੇ ਫਾਤਿਮਾ ਦੀ ਇੱਕ ਛੋਟੀ ਧੀ ਲਾਰਾ ਵੀ ਹੈ। ਦਿਲਚਸਪ ਗੱਲ ਇਹ ਹੈ ਕਿ ਵਿਜੇ ਦੀ ਆਉਣ ਵਾਲੀ ਫ਼ਿਲਮ 'ਅੱਪਾ ਕੁੱਟੀ', ਜੋ ਇਸ ਸ਼ੁੱਕਰਵਾਰ 20 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ, ਉਹ ਵੀ ਇੱਕ ਪਿਤਾ ਅਤੇ ਧੀ ਦੇ ਡੂੰਘੇ ਤੇ ਭਾਵੁਕ ਰਿਸ਼ਤੇ ਦੀ ਕਹਾਣੀ ਬਿਆਨ ਕਰਦੀ ਹੈ। ਪਰਦੇ 'ਤੇ ਪਿਤਾ ਦਾ ਕਿਰਦਾਰ ਨਿਭਾਉਂਦੇ ਹੋਏ ਅਸਲ ਜ਼ਿੰਦਗੀ ਵਿੱਚ ਆਪਣੀ ਧੀ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਵਿਜੇ ਐਂਟਨੀ ਦੀ ਇਹ ਕਹਾਣੀ ਸੁਣ ਕੇ ਹਰ ਕੋਈ ਭਾਵੁਕ ਹੋ ਉੱਠਿਆ ਹੈ।