ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜਕੱਲ੍ਹ ਸਿਰਫ਼ ਕੋਡਿੰਗ ਕਰਨ ਜਾਂ ਦਫ਼ਤਰ ਦੇ ਕੰਮਾਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਹ ਵਿਛੜੇ ਹੋਏ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਾਉਣ ਦਾ ਵੀ ਨੇਕ ਕੰਮ ਕਰ ਰਹੀ ਹੈ। ਤਕਨੀਕ ਦੀ ਅਜਿਹੀ ਹੀ ਇੱਕ ਸ਼ਾਨਦਾਰ ਮਿਸਾਲ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ, ਜਿੱਥੇ ਏਆਈ ਟੂਲ ਦੀ ਮਦਦ ਨਾਲ ਇੱਕ ਸਮਾਜਿਕ ਸੰਸਥਾ ਨੇ 45 ਸਾਲਾ ਲਾਪਤਾ ਔਰਤ ਨੂੰ ਲਗਭਗ ਢਾਈ ਸਾਲਾਂ ਬਾਅਦ ਉਸਦੇ ਪਰਿਵਾਰ ਨਾਲ ਮਿਲਾ ਦਿੱਤਾ ਹੈ।
ਜਾਣਕਾਰੀ ਅਨੁਸਾਰ, ਜ਼ੁਲੇਖਾ ਮੁਖੀਦ ਸ਼ੇਖ ਨਾਂ ਦੀ ਇਹ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਆਪਣੇ ਘਰ ਦਾ ਸਹੀ ਪਤਾ ਨਹੀਂ ਦੱਸ ਪਾ ਰਹੀ ਸੀ। ਅਪ੍ਰੈਲ 2024 ਵਿੱਚ, ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਉਸਨੂੰ ਸਿੰਧੂਦੁਰਗ ਦੇ 'ਸੰਵਿਤਾ ਆਸ਼ਰਮ' ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ 'ਜੀਵਨ ਆਨੰਦ ਸੰਸਥਾ' ਦੇ ਟਰੱਸਟੀ ਕਿਸਨ ਚੌਰੇ ਅਤੇ ਉਨ੍ਹਾਂ ਦੀ ਟੀਮ ਨੇ ਮਹਿਲਾ ਨਾਲ ਲਗਾਤਾਰ ਗੱਲਬਾਤ ਕੀਤੀ ਅਤੇ ਉਸਦੇ ਪਿਛੋਕੜ ਬਾਰੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕੀਤੀ। ਟੀਮ ਨੇ ਔਰਤ ਵੱਲੋਂ ਦਿੱਤੀ ਗਈ ਅਧੂਰੀ ਜਾਣਕਾਰੀ, ਸਥਾਨਕ ਨਾਵਾਂ ਅਤੇ ਕੁਝ ਇਸ਼ਾਰਿਆਂ ਨੂੰ ਸਮਝਣ ਲਈ ਓਪਨਏਆਈ ਦੇ ਏਆਈ ਚੈਟਬੋਟ 'ਚੈਟਜੀਪੀਟੀ' ਅਤੇ 'ਗੂਗਲ ਸਰਚ' ਦਾ ਸਹਾਰਾ ਲਿਆ।
ਚੈਟਜੀਪੀਟੀ ਨੇ ਉਸ ਅਧੂਰੀ ਜਾਣਕਾਰੀ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਪਰਭਣੀ ਜ਼ਿਲ੍ਹੇ ਦੇ ਪਿੰਡਾਂ ਅਤੇ ਇਲਾਕਿਆਂ ਬਾਰੇ ਸਹੀ ਜਾਣਕਾਰੀ ਕੱਢ ਕੇ ਦਿੱਤੀ। ਇਸ ਜਾਣਕਾਰੀ ਅਤੇ ਗੂਗਲ ਸਰਚ ਦੇ ਆਧਾਰ 'ਤੇ ਸੰਸਥਾ ਨੇ ਪਰਭਣੀ ਦੀ ਨਿਰਭਯਾ ਪੁਲਿਸ ਟੀਮ ਦੀ ਮਦਦ ਨਾਲ ਔਰਤ ਦੇ ਅਸਲੀ ਪਿੰਡ ਦਾ ਪਤਾ ਲਗਾਇਆ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਢਾਈ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ, 9 ਨਵੰਬਰ ਨੂੰ ਔਰਤ ਦਾ ਪਤੀ ਮੁਖੀਦ ਸ਼ੇਖ ਆਸ਼ਰਮ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਸੁਰੱਖਿਅਤ ਘਰ ਲੈ ਗਿਆ। ਇਹ ਘਟਨਾ ਸਾਬਤ ਕਰਦੀ ਹੈ ਕਿ ਜੇਕਰ ਆਧੁਨਿਕ ਤਕਨੀਕ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਨਾਮੁਮਕਿਨ ਲੱਗਣ ਵਾਲੇ ਕੰਮਾਂ ਨੂੰ ਵੀ ਮੁਮਕਿਨ ਕਰ ਸਕਦੀ ਹੈ।