ਸੋਨਮ ਵਾਂਗਚੁਕ ਨੇ ਟੈਕਸ ਦੇ ਪੈਸੇ ਦੀ ਵਰਤੋਂ ’ਤੇ ਚੁੱਕੇ ਸਵਾਲ |




ਮੈਨੂੰ 6 ਮਹੀਨੇ ਜੋਧਪੁਰ ਜੇਲ੍ਹ ’ਚ ਰੱਖਣ ’ਤੇ ਲਗਭਗ 1 ਕਰੋੜ ਰੁਪਏ ਖਰਚ ਕੀਤੇ ਗਏ |

ਲੱਦਾਖ ਦਾ ਵਸਨੀਕ ਹੋਣ ਦੇ ਨਾਤੇ ਮੈਨੂੰ ਇਨਕਮ ਟੈਕਸ ਐਕਟ ਦੀ ਧਾਰਾ 26(10) ਤਹਿਤ ਆਮਦਨ ਕਰ ਤੋਂ ਛੋਟ ਮਿਲੀ ਹੋਈ ਹੈ, ਪਰ ਇਸ ਦੇ ਬਾਵਜੂਦ ਮੈਂ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਨਿਯਮਿਤ ਤੌਰ ’ਤੇ ਸਾਰੇ ਟੈਕਸ ਅਦਾ ਕਰਦਾ ਰਿਹਾ ਹਾਂ। ਪਰ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਮੇਰੇ ਟੈਕਸ ਦਾ ਪੈਸਾ ਕਿੱਥੇ ਖਰਚ ਹੋ ਰਿਹਾ ਹੈ। ਮੈਨੂੰ ਸਖ਼ਤ ਕੌਮੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਤਹਿਤ 6 ਮਹੀਨੇ ਜੋਧਪੁਰ ਜੇਲ੍ਹ ਵਿੱਚ ਰੱਖਣ ’ਤੇ ਕਰੀਬ 1 ਕਰੋੜ ਰੁਪਏ ਖਰਚ ਕੀਤੇ ਗਏ। ਲਗਭਗ ਇੰਨੀ ਹੀ ਰਕਮ ਦੋ ਮਹੀਨਿਆਂ ਤੱਕ ਮੈਨੂੰ ਘਰ ਵਿੱਚ ਨਜ਼ਰਬੰਦ ਰੱਖਣ ’ਤੇ ਖਰਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕੜਾਕੇ ਦੀ ਠੰਢ ਵਿੱਚ ਮੇਰੀ ਸੁਰੱਖਿਆ ਲਈ ਦੋ ਦਰਜਨ ਦੇ ਕਰੀਬ ਸੁਰੱਖਿਆ ਕਰਮਚਾਰੀ ਅਤੇ ਇੱਕ ਦਰਜਨ ਵਾਹਨ ਤਾਇਨਾਤ ਕੀਤੇ ਗਏ ਹਨ।

ਇਹ ਸਭ ਦੇਸ਼ ਦੀ ਸੁਰੱਖਿਆ ਲਈ ਨਹੀਂ, ਸਗੋਂ ਭ੍ਰਿਸ਼ਟ ਸਿਆਸਤਦਾਨਾਂ ਦੀ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਸਾਡੀਆਂ ਸਰਹੱਦਾਂ ਦੀ ਹਾਲਤ ਇਹ ਹੈ ਕਿ ਲੱਦਾਖ ਦੇ ਚਰਵਾਹੇ ਚੀਨ ਹੱਥੋਂ ਆਪਣੀਆਂ ਚਰਾਂਦਾਂ ਦਾ ਵੱਡਾ ਹਿੱਸਾ ਗੁਆ ਰਹੇ ਹਨ । ਸਾਡੇ ਜਵਾਨਾਂ ਨੂੰ ਬਿਹਤਰ ਸਹੂਲਤਾਂ ਦੀ ਲੋੜ ਹੈ, ਬੱਚਿਆਂ ਨੂੰ ਚੰਗੇ ਸਕੂਲਾਂ ਦੀ ਅਤੇ ਮਰੀਜ਼ਾਂ ਨੂੰ ਬਿਹਤਰ ਹਸਪਤਾਲਾਂ ਦੀ ਲੋੜ ਹੈ। ਕਿਰਪਾ ਕਰਕੇ ਟਿੱਪਣੀਆਂ ਵਿੱਚ ਦੱਸੋ ਕਿ ਕੀ ਮੈਨੂੰ ਟੈਕਸ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਸਾਨੂੰ ਇਕਜੁੱਟ ਹੋ ਕੇ ਸਰਕਾਰ ਨੂੰ ਹੀ ਬਦਲਣ ਲਈ ਯਤਨ ਕਰਨਾ ਚਾਹੀਦਾ ਹੈ? ਬੇਸ਼ੱਕ, ਮੇਰਾ ਮਤਲਬ ਅਗਲੀਆਂ ਚੋਣਾਂ ਵਿੱਚ ਸਰਕਾਰ ਬਦਲਣ ਤੋਂ ਹੈ!