ਉੱਤਰਖੰਡ 'ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ |




ਹਰਿਦੁਆਰ ਤੋਂ ਜੋਸ਼ੀਮੱਠ ਜਾ ਰਹੀ ਬੱਸ ਨਾਲ ਵਾਪਰਿਆ ਹਾਦਸਾ |

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ। ਟਿਹਰੀ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਰਿਸ਼ੀਕੇਸ਼-ਬਦਰੀਨਾਥ ਨੈਸ਼ਨਲ ਹਾਈਵੇਅ ’ਤੇ ਬੇਕਾਬੂ ਹੋ ਕੇ ਨਦੀ ਵਿੱਚ ਜਾ ਡਿੱਗੀ, ਜਦਕਿ ਰੁਦਰਪ੍ਰਯਾਗ ਵਿੱਚ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਬਰਾਤੀਆਂ ਦੀ ਬੋਲੇਰੋ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਦੋਵਾਂ ਹਾਦਸਿਆਂ ਵਿੱਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 25 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹਾਦਸਿਆਂ ਤੋਂ ਬਾਅਦ ਪੁਲਿਸ, ਐੱਸ.ਡੀ.ਆਰ.ਐੱਫ. ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਲਾਰ ਬਾਜ਼ਾਰ ਨੇੜੇ ਸਵਾਰੀਆਂ ਨਾਲ ਭਰੀ ਇੱਕ ਬੱਸ ਪੁਲ ਤੋਂ ਕਰੀਬ 100 ਮੀਟਰ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗੀ ਅਤੇ ਇਸ ਹਾਦਸੇ ’ਚ 6 ਵਿਅਕਤੀਆਂ ਦੀ ਮੌਤ ਹੋ ਗਈ । ਮੁੱਢਲੀ ਜਾਣਕਾਰੀ ਅਨੁਸਾਰ, ਬੱਸ ਵਿੱਚ 30 ਤੋਂ 35 ਲੋਕ ਸਵਾਰ ਸਨ। ਬਚਾਅ ਟੀਮਾਂ ਨੇ ਕਰੀਬ 20 ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਬੱਸ ਹਰਿਦੁਆਰ ਤੋਂ ਬਦਰੀਨਾਥ ਜਾ ਰਹੀ ਸੀ। ਇਹ ਹਾਦਸਾ ਮੁਨੀ ਕੀ ਰੇਤੀ ਥਾਣਾ ਖੇਤਰ ਦੇ ਗੁਲਾਰ ਨੇੜੇ ਵਾਪਰਿਆ। ਬੱਸ ਪੁਲ ਤੋਂ ਹੇਠਾਂ ਗਦੇਰੇ ਵਿੱਚ ਜਾ ਡਿੱਗੀ। ਸੂਚਨਾ ਮਿਲਦਿਆਂ ਹੀ ਪੁਲਿਸ, ਐੱਸ.ਡੀ.ਆਰ.ਐੱਫ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਐੱਸਡੀਆਰਐੱਫ ਦੀਆਂ ਬਿਆਸੀ ਅਤੇ ਢਾਲਵਾਲਾ ਪੋਸਟ ਦੀਆਂ ਟੀਮਾਂ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚੀਆਂ।

ਕਰੀਬ 20 ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਐਂਬੂਲੈਂਸਾਂ ਰਾਹੀਂ ਹਸਪਤਾਲ ਭੇਜਿਆ ਗਿਆ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਡੀ.ਆਰ.ਐੱਫ. ਦੇ ਕਮਾਂਡੈਂਟ ਅਰਪਣ ਯਦੁਵੰਸ਼ੀ ਦੇ ਨਿਰਦੇਸ਼ਾਂ ’ਤੇ ਵਾਧੂ ਬਚਾਅ ਟੀਮਾਂ ਵੀ ਰਵਾਨਾ ਕੀਤੀਆਂ ਗਈਆਂ। ਪੁਲਿਸ ਅਤੇ ਬਚਾਅ ਟੀਮਾਂ ਬੱਸ ਵਿੱਚ ਸਵਾਰ ਹੋਰ ਲੋਕਾਂ ਨੂੰ ਬਾਹਰ ਕੱਢਣ ਵਿੱਚ ਜੁਟੀਆਂ ਹੋਈਆਂ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਅਤੇ ਸਾਰੇ ਯਾਤਰੀਆਂ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।