ਅਮਨ ਅਰੋੜਾ ਨੇ ਚਰਨਜੀਤ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਤੇ ਚੁੱਕੇ ਸਵਾਲ, ਕਾਂਗਰਸ ਦੀ ਗੁੱਟਬਾਜੀ ਵਿੱਚ ਕੱਸਿਆ ਤੰਜ਼ |




ਛੱਠ ਪੁਰਬ ਦੇ ਆਯੋਜਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ |

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਚਰਨਜੀਤ ਚੰਨੀ ਦੀ ਜਵਾਨੀ ਸੰਭਾਲ ਯਾਤਰਾ ਨੂੰ ਲੈ ਕੇ ਤੰਜ ਕਸਿਆ ਹੈ। ਛਠ ਦੇ ਮਹਾਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪੱਖੋਵਾਲ ਰੋਡ ਸਥਿਤ ਪੁਲ ਦਾ ਦੌਰਾ ਕੀਤਾ ਗਿਆ ਸੀ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਕ ਕਮੇਟੀ ਦੇ ਸਹਿਯੋਗ ਨਾਲ ਘਾਟ ਤਿਆਰ ਕੀਤਾ ਜਾ ਰਿਹਾ ਹੈ।

ਇਸ ਮੌਕੇ ਅਮਨ ਅਰੋੜਾ ਨੇ ਕਾਂਗਰਸ ਪਾਰਟੀ ਵਿਚਾਲੇ ਗੁਟਬਾਜੀ ਨੂੰ ਲੈ ਕੇ ਕਿਹਾ ਕਿ ਸਾਈਕਲ ਯਾਤਰਾ ਦੇ ਸਾਈਕਲ ਦਾ ਟਾਇਰ ਅਤੇ ਹੈਂਡਲ ਕਿਸ ਦੇ ਹੱਥ ਜਾਣਾ ਹੈ। ਇਸੇ ਤਰ੍ਹਾਂ ਉਹਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੇ ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੂੰ ਲੈ ਕੇ ਕਿਹਾ ਕਿ ਜੇਕਰ ਕਿਸੇ ਪਾਰਟੀ ਦਾ ਪ੍ਰਧਾਨ ਆਪਣਾ ਹਲਕਾ ਛੱਡ ਕੇ ਕਿਤੇ ਹੋਰ ਜਗ੍ਹਾ ਤੋਂ ਲੜੇ, ਤਾਂ ਹਾਲਾਤ ਖੁਦ ਸਮਝੇ ਜਾ ਸਕਦੇ ਹਨ। ਇਸੇ ਤਰ੍ਹਾਂ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਲੋਰੈਂਸ ਗੈਂਗ ਵੱਲੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਮੋਹਾਲੀ ਵਿੱਚ ਕੇਸ ਦਰਜ ਹੋਣ ਬਾਰੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਲ ਇੰਨੇ ਪੈਸੇ ਕਿੱਥੋਂ ਹਨ। ਉਹ ਤਾਂ ਲੋਕਾਂ ਲਈ ਬੁਨਿਆਦੀ ਸੁਵਿਧਾਵਾਂ ਦੇ ਵਿਕਾਸ ਉੱਪਰ ਕੰਮ ਕਰ ਰਹੇ ਹਨ। ਉਹਨਾਂ ਨੇ ਜੰਮੂ ਕਸ਼ਮੀਰ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਵੀ ਕੀਤੀ। ਜਦ ਕਿ ਛੱਠ ਪੁਰਬ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਜਾਤਾਂ ਧਰਮਾਂ ਅਤੇ ਸਮੁਦਾਇਆਂ ਦੇ ਲੋਕ ਰਹਿੰਦੇ ਹਨ। ਸੂਬੇ ਦੀ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਨੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਦੀ ਅਪੀਲ ਕੀਤੀ। 

ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਵੱਲੋਂ ਛਠ ਦੇ ਪੁਰਬ ਸਬੰਧੀ ਵਿਸ਼ੇਸ਼ ਹੈਲਪ ਲਾਈਨ ਦਾ ਐਲਾਨ ਵੀ ਕੀਤਾ ਗਿਆ। ਆਯੋਜਕ ਕਮੇਟੀ ਦੇ ਪ੍ਰਧਾਨ ਦੀਪਕ ਕਨੋਜੀਆ ਵੱਲੋਂ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਸਰਕਾਰ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।