ਕੇਦਾਰਨਾਥ ਧਾਮ ਦੇ ਕਿਵਾੜ ਸਰਦੀਆਂ ਲਈ ਬੰਦ, ਅਪ੍ਰੈਲ-ਮਈ ਵਿੱਚ ਮੁੜ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ ਕਿਵਾੜ |




 ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਭਗਵਾਨ ਸ਼ਿਵ ਦੇ ਪ੍ਰਸਿੱਧ ਧਾਮ ਕੇਦਾਰਨਾਥ ਦੇ ਕਿਵਾੜ ਬੁੱਧਵਾਰ ਨੂੰ ਭਈਆ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਰਸਮਾਂ ਅਤੇ ਪੂਰੀਆਂ ਵਿਧੀਆਂ ਅਨੁਸਾਰ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਹੁਣ ਅਗਲੇ ਛੇ ਮਹੀਨਿਆਂ ਤੱਕ ਬਾਬਾ ਕੇਦਾਰ ਦੀ ਪੂਜਾ ਉਨ੍ਹਾਂ ਦੇ ਸਰਦ ਰੁੱਤ ਦੇ ਨਿਵਾਸ ਸਥਾਨ ਊਖੀਮਠ ਵਿਖੇ ਹੋਵੇਗੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ 11ਵੇਂ ਜਯੋਤਿਰਲਿੰਗ ਭਗਵਾਨ ਕੇਦਾਰਨਾਥ ਦੇ ਕਿਵਾੜ ਵਿਸ਼ੇਸ਼ ਪੂਜਾ-ਅਰਚਨਾ ਤੋਂ ਬਾਅਦ ਸਵੇਰੇ ਸਾਢੇ 8 ਵਜੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ।

ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਸਵੇਰੇ 4 ਵਜੇ ਧਾਰਮਿਕ ਰਸਮਾਂ ਨਾਲ ਸ਼ੁਰੂ ਹੋਈ। ਇਸ ਦੌਰਾਨ ਪੂਰੀ ਕੇਦਾਰਪੁਰੀ 'ਹਰ ਹਰ ਮਹਾਦੇਵ' ਅਤੇ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ ਗੂੰਜ ਉੱਠੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਏ ਸੈਂਕੜੇ ਸ਼ਰਧਾਲੂਆਂ ਤੋਂ ਇਲਾਵਾ ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ, ਕਮੇਟੀ ਦੇ ਹੋਰ ਅਹੁਦੇਦਾਰ, ਵੱਡੀ ਗਿਣਤੀ ਵਿੱਚ ਤੀਰਥ ਪੁਰੋਹਿਤ, ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ਾਲ ਮਿਸ਼ਰਾ ਅਤੇ ਪੁਲਿਸ ਸੁਪਰਡੈਂਟ ਨੀਹਾਰਿਕਾ ਤੋਮਰ ਵੀ ਮੌਜੂਦ ਸਨ। 

ਕਿਵਾੜ ਬੰਦ ਹੋਣ ਤੋਂ ਬਾਅਦ ਭਗਵਾਨ ਕੇਦਾਰਨਾਥ ਦੀ ਉਤਸਵ ਡੋਲੀ ਧਾਰਮਿਕ ਸਮਾਰੋਹ ਦੇ ਨਾਲ ਊਖੀਮਠ ਸਥਿਤ ਓਂਕਾਰੇਸ਼ਵਰ ਮੰਦਰ ਲਈ ਰਵਾਨਾ ਹੋ ਗਈ। ਬੁੱਧਵਾਰ ਨੂੰ ਡੋਲੀ ਦਾ ਰਾਤ ਦਾ ਠਹਿਰਾਅ ਰਾਮਪੁਰ ਵਿਖੇ ਹੋਵੇਗਾ। ਇਸ ਤੋਂ ਬਾਅਦ ਵੀਰਵਾਰ ਯਾਨੀ 12 ਨਵੰਬਰ ਨੂੰ ਇਹ ਗੁਪਤਕਾਸ਼ੀ ਪਹੁੰਚੇਗੀ। ਉੱਥੋਂ 13 ਨਵੰਬਰ ਨੂੰ ਡੋਲੀ ਆਪਣੇ ਸਰਦ ਰੁੱਤ ਦੇ ਗੱਦੀ ਸਥਾਨ ਓਂਕਾਰੇਸ਼ਵਰ ਮੰਦਰ ਪਹੁੰਚੇਗੀ, ਜਿੱਥੇ ਅਗਲੇ ਛੇ ਮਹੀਨਿਆਂ ਤੱਕ ਭਗਵਾਨ ਕੇਦਾਰਨਾਥ ਦੀ ਪੂਜਾ-ਅਰਚਨਾ ਕੀਤੀ ਜਾਵੇਗੀ। ਕੇਦਾਰਨਾਥ ਮੰਦਰ ਦੇ ਕਿਵਾੜ ਅਗਲੇ ਸਾਲ ਅਪ੍ਰੈਲ-ਮਈ ਵਿੱਚ ਮੁੜ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਕਿਵਾੜ ਖੋਲ੍ਹਣ ਦੀ ਤਰੀਕ ਅਤੇ ਸ਼ੁਭ ਮਹੂਰਤ ਦਾ ਐਲਾਨ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਕੀਤਾ ਜਾਵੇਗਾ। ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਾਲ 10 ਨਵੰਬਰ ਨੂੰ ਸ਼ਾਮ 7 ਵਜੇ ਤੱਕ 19.22 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਚੁੱਕੇ ਸਨ।