ਅੰਮ੍ਰਿਤਸਰ ’ਚ ਬੀ.ਐਸ.ਐਫ. ਨੂੰ ਦੋ ਵੱਖ-ਵੱਖ ਥਾਵਾਂ ਤੋਂ ਮਿਲੀ 5 ਕਿਲੋ 152 ਗ੍ਰਾਮ ਹੈਰੋਇਨ |




ਇਕ ਡਰੋਨ, ਮੋਬਾਇਲ ਫ਼ੋਨ, ਸਿਮ ਕਾਰਡ ਅਤੇ 100 ਜ਼ਿੰਦਾ ਕਾਰਤੂਸ ਵੀ ਹੋਏ ਬਰਾਮਦ | 


ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿੱਚ ਬੀ.ਐਸ.ਐਫ. ਦੀਆਂ ਦੋ ਵੱਖ-ਵੱਖ ਚੌਕੀਆਂ ’ਤੇ ਕੀਤੀ ਗਈ ਕਾਰਵਾਈ ਦੌਰਾਨ 5 ਕਿਲੋ 152 ਗ੍ਰਾਮ ਹੈਰੋਇਨ ਅਤੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਡਰੋਨ, ਮੋਬਾਈਲ ਫੋਨ ਅਤੇ ਸਿਮ ਕਾਰਡ ਵੀ ਮਿਲਿਆ ਹੈ। ਦੋਵਾਂ ਮਾਮਲਿਆਂ ਵਿੱਚ ਥਾਣਾ ਭਿੰਡੀ ਸੈਦਾਂ ਵਿਖੇ ਕੇਸ ਦਰਜ ਕੀਤੇ ਗਏ ਹਨ। ਫਿਲਹਾਲ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਮੁਲਜ਼ਮ ਦਾ ਨਾਂ ਸਾਹਮਣੇ ਨਹੀਂ ਆਇਆ ਹੈ।

ਪੁਲਿਸ ਅਨੁਸਾਰ ਬੀ.ਐਸ.ਐਫ. ਦੀ ਫਤਿਹਪੁਰ ਦੀ ਟੀਮ ਨੇ ਪਿੰਡ ਅਵਾਣ ਲੱਖਾ ਸਿੰਘ ਦੇ ਇਲਾਕੇ ਵਿੱਚ ਕਾਰਵਾਈ ਕਰਦਿਆਂ 5 ਕਿਲੋ 152 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤਲਾਸ਼ੀ ਦੌਰਾਨ ਇੱਕ ਵੀਵੋ ਮੋਬਾਈਲ ਫੋਨ ਅਤੇ ਸਿਮ ਕਾਰਡ ਵੀ ਮਿਲਿਆ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਮੁਕੱਦਮਾ ਨੰਬਰ 181 ਦਰਜ ਕੀਤਾ ਗਿਆ ਹੈ। ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉੱਧਰ, ਦੂਜੇ ਮਾਮਲੇ ਵਿੱਚ ਬੀ.ਐਸ.ਐਫ. ਦੀ ਸ਼ੇਰਪੁਰ ਦੀ ਟੀਮ ਨੇ ਆਪਣੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇੱਕ ਡਰੋਨ, ਐਲੂਮੀਨੀਅਮ ਦੀ ਇੱਕ ਪੱਟੀ ਅਤੇ 9 ਐੱਮਐੱਮ ਦੇ 100 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿਖੇ ਮੁਕੱਦਮਾ ਨੰਬਰ 182 ਦਰਜ ਕੀਤਾ ਗਿਆ ਹੈ। ਪੁਲਿਸ ਨੇ ਆਰਮਜ਼ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਹੁਣ ਬਰਾਮਦ ਕੀਤੇ ਗਏ ਮੋਬਾਈਲ ਫੋਨ, ਸਿਮ ਕਾਰਡ ਅਤੇ ਹੋਰ ਸਾਮਾਨ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੈਰੋਇਨ, ਡਰੋਨ ਅਤੇ ਕਾਰਤੂਸ ਇੱਥੇ ਕੌਣ ਪਹੁੰਚਾ ਕੇ ਗਿਆ ਸੀ ਅਤੇ ਇਸ ਪਿੱਛੇ ਕਿਹੜੇ ਲੋਕ ਸ਼ਾਮਲ ਹਨ।