ਉਨ੍ਹਾਂ ਦੇ ਖੇਤ ਵਿੱਚ ਅੰਤਿਮ ਰਸਮਾਂ ਨਿਭਾਈਆਂ ਗਈਆਂ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ |
ਮਾਨਸਾ ਵਿਖੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚਕੇਰੀਆਂ ਰੋਡ ਸਥਿਤ ਉਨ੍ਹਾਂ ਦੇ ਖੇਤ ਵਿੱਚ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਅਤੇ ਸਨੇਹੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਵੱਡੇ ਪੁੱਤਰ ਤੇ ਪਿਤਾ ਨੇ ਚਿਖਾ ਨੂੰ ਅਗਨੀ ਦਿੱਤੀ। ਅੱਜ ਪਰਵਿੰਦਰ ਝੋਟਾ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ’ਚ ਲੋਕ ਪਹੁੰਚੇ ਹੋਏ ਸਨ। ਲੋਕਾਂ ਨੇ ਨਮ ਅੱਖਾਂ ਨਾਲ ਪਰਵਿੰਦਰ ਝੋਟਾ ਨੂੰ ਅੰਤਿਮ ਵਿਦਾਈ ਦਿੱਤੀ।
ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਵਿਖੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ 5 ਵਜੇ ਮ੍ਰਿਤਕ ਦੇਹ ਪਰਿਵਾਰ ਦੇ ਸਪੁਰਦ ਕੀਤੀ ਗਈ ਸੀ। ਚੰਡੀਗੜ੍ਹ ਤੋਂ ਮਾਨਸਾ ਤੱਕ ਦੇ ਸਫ਼ਰ ਦੌਰਾਨ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਝੋਟਾ ਦੇ ਅੰਤਿਮ ਦਰਸ਼ਨ ਕੀਤੇ। ਸੰਗਤਾਂ ਅਤੇ ਸਮਰਥਕਾਂ ਵੱਲੋਂ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।