ਮਾਓਵਾਦੀ ਅੱਤਵਾਦ ਦਾ ਖਾਤਮਾ ਸਹੀ ਨੀਤੀਆਂ ਅਤੇ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਦੀ ਜਿੱਤ: ਪ੍ਰਧਾਨ ਮੰਤਰੀ ਮੋਦੀ |




ਛੱਤੀਸਗੜ੍ਹ ਵਿੱਚ ਬਸਤਰ ਜ਼ਿਲ੍ਹੇ ਦੇ ਕਰਨਪੁਰ ਵਿੱਚ ਸੀ.ਆਰ.ਪੀ.ਐਫ. ਦੇ ਕੈਂਪ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਮਨਾਈ ਦਿਵਾਲੀ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਮਾਓਵਾਦੀ ਅਤਵਾਦ ਅਤੇ ਨਕਸਲੀ ਖਤਰੇ ਦਾ ਖਤਮ ਹੋਣਾ ਦੇਸ਼ ਦੀਆਂ ਸਹੀ ਨੀਤੀਆਂ ਅਤੇ ਮਜ਼ਬੂਤ ਰਾਜਨੀਤਿਕ ਇੱਛਾ ਸ਼ਕਤੀ ਦੀ ਜਿੱਤ ਹੈ। ਛੱਤੀਸਗੜ੍ਹ ਵਿੱਚ ਬਸਤਰ ਜ਼ਿਲ੍ਹੇ ਦੇ ਕਰਨਪੁਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਕੈਂਪ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਦੀਵਾਲੀ ਮਨਾਉਂਦਿਆਂ ਮੋਦੀ ਨੇ ਕਿਹਾ, ‘‘ਸਾਡੀ ਸਰਕਾਰ ਨੇ ਅਜਿਹੇ ਫੈਸਲੇ ਲਏ, ਜਿਨ੍ਹਾਂ ਨਾਲ ਨਕਸਲੀਆਂ ਅਤੇ ਵੱਖਵਾਦੀਆਂ ਦੀ ‘ਫੰਡਿੰਗ’ 'ਤੇ ਬਹੁਤ ਵੱਡੀ ਸੱਟ ਵੱਜੀ।’’

ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਨੇ ਜਾਅਲੀ ਕਰੰਸੀ ਦੇ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਅਤੇ ਨਕਸਲੀਆਂ ਅਤੇ ਵੱਖਵਾਦੀਆਂ ਦੀ ਸਪਲਾਈ ਲਾਈਨ ਨੂੰ ਰੋਕ ਦਿੱਤਾ।

ਉਨ੍ਹਾਂ ਕਿਹਾ ਕਿ ਮਾਓਵਾਦੀ ਅਤਵਾਦ ਅਤੇ ਨਕਸਲਵਾਦ ਵਿਰੁੱਧ ਲੜਾਈ ਆਸਾਨ ਨਹੀਂ ਸੀ, ਇੱਕ ਸਮਾਂ ਅਜਿਹਾ ਸੀ ਜਦੋਂ ਲਗਭਗ 20 ਰਾਜਾਂ ਦੇ 230 ਤੋਂ ਵੱਧ ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ।

ਮੋਦੀ ਨੇ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਲਈ, ਦੇਸ਼ ਦੇ ਦੁਸ਼ਮਣਾਂ ਨੂੰ ਅਟੁੱਟ ਸੰਕਲਪ ਅਤੇ ਇੱਕ ਸੁਚਾਰੂ ਰਣਨੀਤੀ ਨਾਲ ਕੁਚਲਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਦੀ ਜੋ ਕਮੀ ਸੀ, ਉਸ ਨੂੰ 2014 ਵਿੱਚ ਦੂਰ ਕੀਤਾ ਗਿਆ, ਜਦੋਂ ਤੁਸੀਂ ਇਸ ‘ਪ੍ਰਧਾਨ ਸੇਵਕ’ ਨੂੰ ‘ਭਾਰਤ ਮਾਤਾ’ ਦੀ ਸੇਵਾ ਕਰਨ ਦਾ ਮੌਕਾ ਦਿੱਤਾ।

ਉਨ੍ਹਾਂ ਕਿਹਾ ਕਿ 47 ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪਿਛਲੇ ਇੱਕ ਸਾਲ ਵਿੱਚ ਡਿਊਟੀ ਦੌਰਾਨ ਸੀ.ਆਰ.ਪੀ.ਐੱਫ. ਦਾ ਇੱਕ ਵੀ ਜਵਾਨ ਸ਼ਹੀਦ ਨਹੀਂ ਹੋਇਆ।

ਛੱਤੀਸਗੜ੍ਹ ਵਿੱਚ ਲੰਬੇ ਸਮੇਂ ਤੱਕ ਖੱਬੇਪੱਖੀ ਉਗਰਵਾਦ (ਨਕਸਲਵਾਦ) ਦੇ ਕੇਂਦਰ ਵਜੋਂ ਪਛਾਣੇ ਜਾਣ ਵਾਲੇ ਬਸਤਰ ਵਿੱਚ, ਅਤਵਾਦ-ਰੋਧੀ ਮੁਹਿੰਮਾਂ, ਵੱਡੀ ਗਿਣਤੀ ਵਿੱਚ ਆਤਮ-ਸਮਰਪਣ ਅਤੇ ਵਿਕਾਸ ਕਾਰਜਾਂ ਨੂੰ ਹੁਣਾਰ ਦੇਣ ਤੋਂ ਬਾਅਦ ਇੱਕ ਵੱਡੀ ਤਬਦੀਲੀ ਆਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਪਹਿਲਾਂ ਦੀਆਂ ਸਰਕਾਰਾਂ ਨੇ ਜ਼ਮੀਨ 'ਤੇ ਲੜਾਈ ਵਿੱਚ ਸੁਰੱਖਿਆ ਬਲਾਂ ਦੇ ਹੱਥ ਬੰਨ੍ਹ ਕੇ ਰੱਖੇ ਸੀ। ਨਕਸਲੀ ਹਮਲੇ ਹੋ ਜਾਂਦੇ ਸਨ ਪਰ ਸੁਰੱਖਿਆ ਬਲਾਂ ਕੋਲ ਖੁੱਲ੍ਹ ਕੇ ਪਲਟਵਾਰ ਕਰਨ ਦੀ ਆਜ਼ਾਦੀ ਨਹੀਂ ਸੀ, ਅਸੀਂ ਸੁਰੱਖਿਆ ਬਲਾਂ ਨੂੰ ਹਰ ਜ਼ਰੂਰੀ ਫੈਸਲਾ ਲੈਣ ਦੀ ਆਜ਼ਾਦੀ ਦਿੱਤੀ। ਪਹਿਲਾਂ ਸਰਕਾਰ ਅਤੇ ਸਿਸਟਮ ਵਿੱਚ ਬੈਠੇ ਕੁਝ ਲੋਕਾਂ ਵੱਲੋਂ ਖੱਬੇਪੱਖੀ ਉਗਰਵਾਦ ਨੂੰ ਜੋ ਸਮਰਥਨ ਮਿਲਦਾ ਸੀ, ਅਸੀਂ ਉਸ ਨੂੰ ਰੋਕਣ ਦਾ ਵੀ ਕੰਮ ਕੀਤਾ।’’

ਉਨ੍ਹਾਂ ਕਿਹਾ, ‘‘ਅਸੀਂ ਇੱਕ ਬਹੁਤ ਵੱਡੇ ਟੀਚੇ ਨੂੰ ਲੈ ਕੇ ਚੱਲ ਰਹੇ ਸੀ। ਸਾਡਾ ਟੀਚਾ ਸੀ ਕਿ ਕਿਸੇ ਮਾਂ ਦੀ ਗੋਦ ਸੁੰਨੀ ਨਾ ਹੋਵੇ, ਕੋਈ ਪਰਿਵਾਰ ਤਬਾਹੀ ਦਾ ਸਾਹਮਣਾ ਨਾ ਕਰੇ, ਕੋਈ ਬੱਚਾ ਹਥਿਆਰ ਚੁੱਕ ਕੇ ਹਿੰਸਾ ਦੇ ਰਾਹ 'ਤੇ ਨਾ ਨਿਕਲੇ, ਕਿਸੇ ਨੌਜਵਾਨ ਦਾ ਭਵਿੱਖ ਬਰਬਾਦ ਨਾ ਹੋਵੇ, ਇਸ ਲਈ ਜਦੋਂ ਤੱਕ ਇਹ ਟੀਚਾ ਪੂਰਾ ਨਹੀਂ ਹੋ ਗਿਆ, ਅਸੀਂ ਸੰਕਲਪ ਨਾਲ ਲਗਾਤਾਰ ਲੱਗੇ ਰਹੇ।’’

ਮੋਦੀ ਨੇ ਕਿਹਾ, ‘‘ਕੋਈ ਪ੍ਰਚਾਰ-ਪ੍ਰਸਾਰ ਨਹੀਂ, ਕੋਈ ਦਿਖਾਵਾ ਨਹੀਂ, ਅਸੀਂ ਸੰਵੇਦਨਸ਼ੀਲਤਾ ਨਾਲ ਕੰਮ ਕਰਦਿਆਂ ਮਾਓਵਾਦੀ ਅਤਵਾਦ ਦੀ ਕਮਰ ਤੋੜ ਦਿੱਤੀ। ਅਸੀਂ ਸੇਵਾ ਭਾਵਨਾ ਨਾਲ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਜੀਵਨ ਬਦਲਿਆ, ਇਸ ਲਈ ਨਕਸਲਵਾਦ ਤੋਂ ਪੀੜਤ ਲੋਕ ਵੀ ਸਰਕਾਰ ਅਤੇ ਸੁਰੱਖਿਆ ਬਲਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।’’

ਪ੍ਰਧਾਨ ਮੰਤਰੀ ਨੇ ਕਿਹਾ, ‘‘ਸਫਲਤਾਵਾਂ ਦੇ ਵਿਚਕਾਰ ਸਾਨੂੰ ਇੱਕ ਹੋਰ ਗੱਲ ਯਾਦ ਰੱਖਣੀ ਹੈ, ਨਕਸਲੀ ਖ਼ਤਮ ਹੋਏ ਹਨ ਪਰ ਖਤਰਾ ਅਜੇ ਟਲਿਆ ਨਹੀਂ ਹੈ, ਜੰਗਲਾਂ ਵਿੱਚੋਂ ਹਥਿਆਰਾਂ ਵਾਲੇ ਨਕਸਲੀ ਤਾਂ ਮਿਟ ਗਏ, ਪਰ ਦਿਮਾਗੀ ਨਕਸਲੀਆਂ ਨੇ ਕਈ ਸੰਗਠਨਾਂ 'ਤੇ ਕਬਜ਼ਾ ਕਰ ਰੱਖਿਆ ਹੈ। ਇਹ ਅੱਜ ਵੀ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੇ ਖਿਲਾਫ ਲੋਕਾਂ ਨੂੰ ਭੜਕਾ ਰਹੇ ਹਨ, ਕਈ ਰਾਜਨੀਤਿਕ ਪਾਰਟੀਆਂ ਅਤੇ ਵੱਖ-ਵੱਖ ਸੰਗਠਨਾਂ ਵਿੱਚ ਵੀ ਇਨ੍ਹਾਂ ਦਿਮਾਗੀ ਨਕਸਲੀਆਂ ਨੇ ਆਪਣੀ ਘੁਸਪੈਠ ਕਰ ਲਈ ਹੈ। ਸਾਨੂੰ ਇਨ੍ਹਾਂ ਨੂੰ ਪਛਾਣਨਾ ਹੈ, ਇਨ੍ਹਾਂ ਨੂੰ ਹਰਾਉਣਾ ਹੈ ਅਤੇ ਦੇਸ਼ ਨੂੰ ਸੁਰੱਖਿਅਤ ਕਰਨਾ ਹੈ।’’