ਚੰਡੀਗੜ੍ਹ ਦੇ ਸੈਕਟਰ 25 ’ਚ ਹੀ ਕੀਤਾ ਜਾਵੇਗਾ ਅੰਤਿਮ ਸਸਕਾਰ |
ਜ਼ਿਲ੍ਹਾ ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਵਸਨੀਕ ਦਲਜੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਅਹਿਮ ਹੁਕਮ ਜਾਰੀ ਕੀਤੇ ਹਨ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਮ੍ਰਿਤਕ ਦਲਜੀਤ ਸਿੰਘ ਦੀ ਦੇਹ ਦਾ ਪੋਸਟਮਾਰਟਮ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕਰਵਾਇਆ ਜਾਵੇ ਅਤੇ ਇਸ ਉਪਰੰਤ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇ। ਇਸ ਤੋਂ ਪਹਿਲਾਂ ਮ੍ਰਿਤਕ ਦੀ ਭੈਣ ਅਮਰਜੀਤ ਕੌਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਭਰਾ ਦੀ ਮੌਤ ਦੀ ਸੀ.ਬੀ.ਆਈ. ਜਾਂਚ, ਪੀ.ਜੀ.ਆਈ. ਵਿਖੇ ਨਿਰਪੱਖ ਪੋਸਟਮਾਰਟਮ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।
ਪਟੀਸ਼ਨ ਵਿੱਚ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਪਰਿਵਾਰ ਅਤੇ ਪਿੰਡ ਵਾਸੀ ਜਦੋਂ 27 ਅਕਤੂਬਰ ਨੂੰ ਨਸ਼ਿਆਂ ਵਿਰੁੱਧ ਰੋਸ ਪ੍ਰਗਟਾਉਣ ਲਈ ਮ੍ਰਿਤਕ ਦੇਹ ਨੂੰ ਮਾਨਸਾ ਵਿਖੇ ਧਰਨੇ ਵਾਲੀ ਥਾਂ ਲਿਜਾ ਰਹੇ ਸਨ, ਤਾਂ ਪੁਲਿਸ ਨੇ ਰਾਮਦਿੱਤੇ ਵਾਲਾ ਚੌਕ ਵਿਖੇ ਲਾਠੀਚਾਰਜ ਕਰਕੇ ਦੇਹ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਸਹਿਮਤੀ ਅਤੇ ਜਾਣਕਾਰੀ ਤੋਂ ਬਿਨਾਂ ਹੀ ਪਹਿਲਾਂ ਪੋਸਟਮਾਰਟਮ ਕਰਵਾ ਦਿੱਤਾ ਗਿਆ ਸੀ।
ਅੱਜ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਪੋਸਟਮਾਰਟਮ ਕਰਵਾਉਣ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰਨ ਦੇ ਹੁਕਮ ਦਿੱਤੇ ਹਨ।