ਫੁੱਟਬਾਲ ਮੈਦਾਨ ’ਤੇ ਦਰਦਨਾਕ ਹਾਦਸਾ, ਗੋਲਕੀਪਰ ਨਾਲ ਟਕਰਾਉਣ ਤੋਂ ਬਾਅਦ ਸਪੈਨਿਸ਼ ਫੁੱਟਬਾਲਰ ਜੀਸਸ ਡੀ ਮਿਗੁਏਲ ਦੀ ਮੌਤ |




ਤੇਨੇਰਿਫੇ ਕਲੱਬ ਦੇ ਸਟ੍ਰਾਈਕਰ ਜੀਸਸ ਡੀ ਮਿਗੁਏਲ ਦੀ ਅਲਮੇਦਾ ਦੇ ਗੋਲਕੀਪਰ ਨਾਲ ਹੋ ਗਈ ਸੀ ਟੱਕਰ |

ਸਪੇਨ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਫੁੱਟਬਾਲ ਮੈਚ ਦੌਰਾਨ ਗੋਲਕੀਪਰ ਨਾਲ ਜ਼ੋਰਦਾਰ ਟੱਕਰ ਹੋਣ ਕਾਰਨ 30 ਸਾਲਾ ਸਪੈਨਿਸ਼ ਫੁੱਟਬਾਲਰ ਜੀਸਸ ਡੀ ਮਿਗੁਏਲ ਅਲਮੇਦਾ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਪੇਨ ਦੇ ਸੈਕਿੰਡ ਡਿਵੀਜ਼ਨ ਫੁੱਟਬਾਲ ਮੈਚ ਦੇ ਦੌਰਾਨ ਵਾਪਰਿਆ।

ਮੈਚ ਦੇ ਆਖਰੀ ਪਲਾਂ ਵਿੱਚ ਤੇਨੇਰਿਫੇ ਕਲੱਬ ਦੇ ਸਟ੍ਰਾਈਕਰ ਜੀਸਸ ਡੀ ਮਿਗੁਏਲ ਮਿਡਫੀਲਡ ਵਿੱਚ ਗੇਂਦ ਲੈ ਕੇ ਅੱਗੇ ਵੱਧ ਰਹੇ ਸਨ। ਇਸ ਦੌਰਾਨ ਐਫ.ਸੀ. ਅੰਡੋਰਾ ਦੇ ਗੋਲਕੀਪਰ ਜੀਸਸ ਓਵੋਨੋ ਆਪਣਾ ਗੋਲ ਛੱਡ ਕੇ ਤੇਜ਼ੀ ਨਾਲ ਬਾਹਰ ਆਏ ਅਤੇ ਦੋਵਾਂ ਵਿਚਕਾਰ ਭਿਆਨਕ ਟੱਕਰ ਹੋ ਗਈ। ਗੋਲਕੀਪਰ ਦਾ ਗੋਡਾ ਜੀਸਸ ਡੀ ਮਿਗੁਏਲ ਦੀ ਛਾਤੀ ਨਾਲ ਜਾ ਟਕਰਾਇਆ, ਜਿਸ ਕਾਰਨ ਉਹ ਮੈਦਾਨ 'ਤੇ ਹੀ ਬੇਹੋਸ਼ ਹੋ ਗਏ। ਇਸ ਟੱਕਰ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪੈ ਗਿਆ।

ਹਾਦਸੇ ਤੋਂ ਤੁਰੰਤ ਬਾਅਦ ਮੈਚ ਰੋਕ ਦਿੱਤਾ ਗਿਆ ਅਤੇ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਖਿਡਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਕਲੱਬ ਨੇ ਕੀਤੀ ਪੁਸ਼ਟੀ

ਕਲੱਬ ਵੱਲੋਂ ਮੰਗਲਵਾਰ, 3 ਨਵੰਬਰ ਨੂੰ ਸਵੇਰੇ 8 ਵਜੇ ਜੀਸਸ ਡੀ ਮਿਗੁਏਲ ਦੇ ਦੇਹਾਂਤ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ। ਕਲੱਬ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਹਮਦਰਦੀ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹੈ।