ਹੈਲਥ ਮਿਸ਼ਨ ਦੇ ਡਾਇਰੈਕਟਰ ਜਨਰਲ ਡਾ. ਵੀਰੇਂਦਰ ਯਾਦਵ ਨੇ ਜਾਂਚ ਕਮੇਟੀ ਦਾ ਕੀਤਾ ਗਠਨ |
ਹਰਿਆਣਾ ਦੇ ਫਰੀਦਾਬਾਦ ਸਥਿਤ ਬੀ.ਕੇ. ਸਿਵਲ ਹਸਪਤਾਲ ਵਿੱਚ ਕਈ ਮਹੀਨਿਆਂ ਤੋਂ ਖੜ੍ਹੀਆਂ 4 ਐਂਬੂਲੈਂਸਾਂ ਦੇ ਨਾਂ ’ਤੇ ਕਰੀਬ 50 ਲੱਖ ਰੁਪਏ ਦਾ ਡੀਜ਼ਲ ਖਰੀਦੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਜਾਗਰ ਹੋਣ ਤੋਂ ਬਾਅਦ ਅੱਜ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਡਾਇਰੈਕਟਰ ਜਨਰਲ ਡਾ. ਵੀਰੇਂਦਰ ਯਾਦਵ ਫਰੀਦਾਬਾਦ ਪਹੁੰਚੇ ਅਤੇ ਜਾਂਚ ਲਈ ਕਮੇਟੀ ਦਾ ਗਠਨ ਕੀਤਾ। ਕਮੇਟੀ ਨੂੰ 5 ਦਿਨਾਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ। ਸੀ.ਐਮ.ਓ. ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਲਿਖਿਆ ਕਿ ਨਾਇਬ ਸਰਕਾਰ ਵਿੱਚ ਅਜੀਬ ਖੇਡ ਚੱਲ ਰਹੀ ਹੈ, ਜਿੱਥੇ ਖੜ੍ਹੀਆਂ ਐਂਬੂਲੈਂਸਾਂ 50 ਲੱਖ ਰੁਪਏ ਦਾ ਡੀਜ਼ਲ ਫੂਕ ਰਹੀਆਂ ਹਨ । ਉਨ੍ਹਾਂ ਸਵਾਲ ਚੁੱਕਿਆ ਕਿ ਸੂਬੇ ਵਿੱਚ ਰੋਜ਼ਾਨਾ ਅਜਿਹੀਆਂ ਕਿੰਨੀਆਂ ਘਟਨਾਵਾਂ ਵਾਪਰਦੀਆਂ ਹੋਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਛੋਟੇ ਮੁਲਾਜ਼ਮਾਂ ਨੂੰ ਫੜ ਕੇ ਵੱਡੇ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਮਾਮਲੇ ਦਾ ਨੋਟਿਸ ਲਿਆ ਅਤੇ ਜਾਂਚ ਦੇ ਹੁਕਮ ਦਿੱਤੇ।
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਕੁਝ ਮਹੀਨੇ ਪਹਿਲਾਂ ਪੰਚਕੂਲਾ ਸਥਿਤ ਮੁੱਖ ਦਫ਼ਤਰ ਵੱਲੋਂ ਐਂਬੂਲੈਂਸਾਂ ਵਿੱਚ ਫਿਊਲ ਕਾਰਡ ਰਾਹੀਂ ਹੋਣ ਵਾਲੇ ਲੈਣ-ਦੇਣ ਦੀ ਜਾਂਚ ਕੀਤੀ ਗਈ ਸੀ। ਇਸ ਦੌਰਾਨ ਸਾਹਮਣੇ ਆਇਆ ਕਿ ਕੁਝ ਐਂਬੂਲੈਂਸਾਂ ਬਿਨਾਂ ਚੱਲੇ ਹੀ ਉਨ੍ਹਾਂ ਦੇ ਨਾਂ ’ਤੇ ਪੈਟਰੋਲ ਪੰਪਾਂ ਤੋਂ ਡੀਜ਼ਲ ਖਰੀਦਿਆ ਜਾ ਰਿਹਾ ਸੀ।
ਇਹ ਸਿਲਸਿਲਾ ਇੱਕ-ਦੋ ਵਾਰ ਨਹੀਂ, ਸਗੋਂ ਲਗਾਤਾਰ ਜਾਰੀ ਸੀ। ਜਾਂਚ ਵਿੱਚ ਕਰੀਬ 50 ਲੱਖ ਰੁਪਏ ਦਾ ਡੀਜ਼ਲ ਖਰੀਦੇ ਜਾਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਸਮੇਂ ਦੌਰਾਨ ਇਨ੍ਹਾਂ ਐਂਬੂਲੈਂਸਾਂ ਦੇ ਨਾਂ ’ਤੇ ਡੀਜ਼ਲ ਖਰੀਦਿਆ ਗਿਆ, ਉਸ ਸਮੇਂ ਇਹ ਆਪਣੀ ਨਿਰਧਾਰਤ ਜਗ੍ਹਾ ਤੋਂ ਕਿਤੇ ਵੀ ਨਹੀਂ ਗਈਆਂ ਸਨ।
ਵਿਭਾਗ ਮੁਤਾਬਕ, HR38GV3491 ਅਤੇ HR38GV9863 ਨੰਬਰ ਵਾਲੀਆਂ ਦੋ ਐਂਬੂਲੈਂਸਾਂ ਪਿਛਲੇ 3 ਤੋਂ 4 ਮਹੀਨਿਆਂ ਤੋਂ ਹਸਪਤਾਲ ਦੀ ਮੋਰਚਰੀ ਦੇ ਨੇੜੇ ਖੜ੍ਹੀਆਂ ਸਨ। ਇਸ ਦੇ ਬਾਵਜੂਦ 11 ਅਕਤੂਬਰ ਤੱਕ ਇਨ੍ਹਾਂ ਦੇ ਫਿਊਲ ਕਾਰਡਾਂ ਰਾਹੀਂ ਡੀਜ਼ਲ ਭਰਵਾਉਣ ਦੀਆਂ ਐਂਟਰੀਆਂ ਦਰਜ ਮਿਲੀਆਂ। ਇਸੇ ਤਰ੍ਹਾਂ HR38Z0951 ਅਤੇ HR38GV1670 ਨੰਬਰ ਵਾਲੀਆਂ ਦੋ ਹੋਰ ਐਂਬੂਲੈਂਸਾਂ ਜਨਵਰੀ ਅਤੇ ਅਗਸਤ ਮਹੀਨੇ ਤੋਂ ਏਜੰਸੀ ਦੀ ਵਰਕਸ਼ਾਪ ਵਿੱਚ ਖੜ੍ਹੀਆਂ ਸਨ। ਇਨ੍ਹਾਂ ਦੇ ਫਿਊਲ ਕਾਰਡਾਂ ਰਾਹੀਂ ਵੀ 16 ਸਤੰਬਰ ਅਤੇ 11 ਅਕਤੂਬਰ ਤੱਕ ਡੀਜ਼ਲ ਭਰਵਾਉਣ ਦਾ ਰਿਕਾਰਡ ਮਿਲਿਆ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਕਮੇਟੀ ਬਣਾਈ ਗਈ ਹੈ। ਕਮੇਟੀ ਨੂੰ ਪੰਜ ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਹੁਣ ਜਾਂਚ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਖੜ੍ਹੀਆਂ ਐਂਬੂਲੈਂਸਾਂ ਦੇ ਨਾਂ ’ਤੇ ਲੱਖਾਂ ਰੁਪਏ ਦਾ ਡੀਜ਼ਲ ਕਿਵੇਂ ਖਰੀਦਿਆ ਜਾਂਦਾ ਰਿਹਾ ਅਤੇ ਇਸ ਪਿੱਛੇ ਕੌਣ-ਕੌਣ ਜ਼ਿੰਮੇਵਾਰ ਹੈ।