ਹੁਣ ਵਟਸਐਪ ’ਤੇ ਮਿਲਣਗੀਆਂ ਈ.ਪੀ.ਐਫ.ਓ. ਦੀਆਂ ਸਾਰੀਆਂ ਸੇਵਾਵਾਂ |




1000 ਰੁਪਏ ਤੱਕ ਵਾਲੇ ਪੁਰਾਣੇ ਪੀ.ਐਫ. ਖਾਤਿਆਂ ਦਾ ਵੀ ਹੋਵੇਗਾ ਆਟੋਮੈਟਿਕ ਨਿਪਟਾਰਾ |

ਜੇਕਰ ਤੁਹਾਡਾ ਵੀ ਪੀ.ਐਫ. ਦਾ ਪੈਸਾ ਕਿਸੇ ਪੁਰਾਣੀ ਕੰਪਨੀ ਵਿੱਚ ਫਸਿਆ ਹੋਇਆ ਹੈ ਤਾਂ ਅੱਜ ਦੀ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅੱਜ 1 ਨਵੰਬਰ 2026 ਨੂੰ ਈ.ਪੀ.ਐਫ.ਓ. ਆਪਣਾ 74ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਰੋੜਾਂ ਨੌਕਰੀਪੇਸ਼ਾ ਲੋਕਾਂ ਲਈ ਦੋ ਵੱਡੀਆਂ ਡਿਜੀਟਲ ਸਹੂਲਤਾਂ ਸ਼ੁਰੂ ਕੀਤੀਆਂ ਹਨ। ਪਹਿਲੀ ਸਹੂਲਤ ਤਹਿਤ ਹੁਣ ਈ.ਪੀ.ਐਫ.ਓ ਦੀਆਂ ਸਾਰੀਆਂ ਸੇਵਾਵਾਂ ਵਟਸਐਪ ’ਤੇ ਮਿਲਣਗੀਆਂ, ਜਦਕਿ ਦੂਜੀ ਸਹੂਲਤ ਤਹਿਤ 1000 ਰੁਪਏ ਤੱਕ ਦੀ ਰਕਮ ਵਾਲੇ ਬੰਦ ਪਏ ਪੀ.ਐਫ. ਖਾਤਿਆਂ ਦਾ ਆਪਣੇ ਆਪ ਨਿਪਟਾਰਾ ਕੀਤਾ ਜਾਵੇਗਾ। ਹੁਣ ਈ.ਪੀ.ਐਫ.ਓ. ਦਫ਼ਤਰਾਂ ਦੇ ਚੱਕਰ ਲਗਾਉਣ ਜਾਂ ਉਮੰਗ ਐਪ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਸਿੱਧੇ ਵਟਸਐਪ ’ਤੇ ਹਾਏ ਲਿਖ ਕੇ ਆਪਣਾ ਪੀ.ਐਫ. ਬੈਲੇਂਸ ਚੈੱਕ ਕਰ ਸਕੋਗੇ। ਇਸ ਤੋਂ ਇਲਾਵਾ ਵਟਸਐਪ ਰਾਹੀਂ ਹੀ ਆਪਣੀ ਈ.ਪੀ.ਐਫ. ਪਾਸਬੁੱਕ ਵੀ ਡਾਊਨਲੋਡ ਕਰ ਸਕੋਗੇ।

ਜੇਕਰ ਤੁਸੀਂ ਇਹ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਯੂ.ਏ.ਐਨ. ਐਕਟੀਵੇਟ ਹੈ ਜਾਂ ਨਹੀਂ ਤਾਂ ਇਸ ਸਹੂਲਤ ਰਾਹੀਂ ਈ-ਕੇ.ਵਾਈ.ਸੀ. ਦਾ ਸਟੇਟਸ ਵੀ ਦੇਖ ਸਕੋਗੇ। ਇਸ ਦੇ ਨਾਲ ਹੀ ਯੂਜ਼ਰ ਆਪਣੇ ਕਲੇਮ ਦਾ ਸਟੇਟਸ ਵੀ ਚੈੱਕ ਕਰ ਸਕਣਗੇ। ਹਾਲਾਂਕਿ, ਇਸ ਸਹੂਲਤ ਦਾ ਲਾਭ ਲੈਣ ਲਈ ਤੁਹਾਡਾ ਮੋਬਾਈਲ ਨੰਬਰ ਯੂ.ਏ.ਐਨ. ਨਾਲ ਲਿੰਕ ਹੋਣਾ ਲਾਜ਼ਮੀ ਹੈ। ਬਹੁਤ ਸਾਰੇ ਲੋਕਾਂ ਦੇ ਪੁਰਾਣੇ ਪੀ.ਐਫ. ਖਾਤਿਆਂ ਵਿੱਚ 500 ਤੋਂ 1000 ਰੁਪਏ ਤੱਕ ਦੀ ਰਕਮ ਪਈ ਰਹਿ ਜਾਂਦੀ ਹੈ, ਜਿਸ ’ਤੇ ਕੋਈ ਕਲੇਮ ਨਹੀਂ ਕਰਦਾ। ਹੁਣ ਈ.ਪੀ.ਐਫ.ਓ. ਅਜਿਹੇ ਸਾਰੇ ਯੋਗ ਅਤੇ ਨਿਸ਼ਕਿਰਿਆ ਖਾਤਿਆਂ ਦਾ ਆਪਣੇ ਆਪ ਨਿਪਟਾਰਾ ਕਰੇਗਾ। ਇਨ੍ਹਾਂ ਖਾਤਿਆਂ ਵਿੱਚ ਪਈ ਰਕਮ ਸਿੱਧੇ ਲਿੰਕ ਕੀਤੇ ਬੈਂਕ ਖਾਤੇ ਜਾਂ ਮੌਜੂਦਾ ਐਕਟਿਵ ਪੀ.ਐਫ. ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਇਸ ਲਈ ਖਾਤਾਧਾਰਕਾਂ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੀ ਲੋੜ ਨਹੀਂ ਪਵੇਗੀ।

ਇਨ੍ਹਾਂ ਨਵੀਆਂ ਸਹੂਲਤਾਂ ਦੇ ਸ਼ੁਰੂ ਹੋਣ ਨਾਲ ਹੁਣ ਪੀ.ਐਫ. ਨਾਲ ਜੁੜੇ ਕੰਮਾਂ ਲਈ ਈ.ਪੀ.ਐਫ.ਓ.  ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਲੋਕਾਂ ਨੂੰ ਵਟਸਐਪ ’ਤੇ ਹੀ ਈ.ਪੀ.ਐਫ.ਓ. ਦੀਆਂ ਕਈ ਅਹਿਮ ਸੇਵਾਵਾਂ ਮਿਲ ਸਕਣਗੀਆਂ। ਇਸ ਤੋਂ ਇਲਾਵਾ ਸਾਲਾਂ ਤੋਂ ਬੰਦ ਪਏ ਖਾਤਿਆਂ ਵਿੱਚ ਫਸੀ ਛੋਟੀ ਰਕਮ ਨੂੰ ਵਾਪਸ ਲੈਣ ਦਾ ਰਾਹ ਵੀ ਆਸਾਨ ਹੋ ਜਾਵੇਗਾ।