ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸੰਭਾਲਿਆ ਭਾਰਤੀ ਹਵਾਈ ਫੌਜ ਦੇ ਮੁਖੀ ਦਾ ਅਹੁਦਾ |




ਏ.ਪੀ. ਸਿੰਘ ਸ਼ਾਨਦਾਰ ਕਰੀਅਰ ਤੋਂ ਬਾਅਦ ਹੋਏ ਸੇਵਾਮੁਕਤ |

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਸ਼ਨੀਵਾਰ ਨੂੰ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ । ਦੀਕਸ਼ਿਤ ਨੂੰ 20 ਤੋਂ ਵੱਧ ਤਰ੍ਹਾਂ ਦੇ ਜਹਾਜ਼ਾਂ ’ਤੇ 3,500 ਘੰਟਿਆਂ ਤੋਂ ਵੱਧ ਉਡਾਣ ਭਰਨ ਦਾ ਤਜਰਬਾ ਹੈ ਅਤੇ ਉਹ ਇੱਕ ਨਿਪੁੰਨ ਲੜਾਕੂ ਜਹਾਜ਼ ਦੇ ਪਾਇਲਟ ਹਨ।  ਦੀਕਸ਼ਿਤ ਨੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਜਗ੍ਹਾ ਲਈ ਹੈ, ਜੋ 43 ਸਾਲ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਅਹੁਦਾ ਸੌਂਪਣ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਨੂੰ ਰੇਸ ਕੋਰਸ ਏਅਰ ਫੋਰਸ ਸਟੇਸ਼ਨ ’ਤੇ ਰਸਮੀ ਤੌਰ ’ਤੇ ‘ਗਾਰਡ ਆਫ਼ ਆਨਰ’ ਦਿੱਤਾ ਗਿਆ।

ਰਣਨੀਤਕ ਯੋਜਨਾਬੰਦੀ ਲਈ ਜਾਣੇ ਜਾਂਦੇ ਅਤੇ ‘ਆਪ੍ਰੇਸ਼ਨ ਸਿੰਦੂਰ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਇਸ ਤੋਂ ਪਹਿਲਾਂ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਆਪਣੇ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੇ ਕਮਾਂਡ, ਸਟਾਫ਼ ਅਤੇ ਸਿਖਲਾਈ ਨਾਲ ਸਬੰਧਤ ਕਈ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। 9 ਦਸੰਬਰ 1966 ਨੂੰ ਜਨਮੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ 6 ਦਸੰਬਰ 1986 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਜਹਾਜ਼ ਸ਼ਾਖਾ ਵਿੱਚ ਸ਼ਾਮਲ ਕੀਤਾ ਗਿਆ ਸੀ।