ਦਿਲਜੀਤ ਦੁਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਲੀ ਮੈਟਰੋ ਵਰਤਣ ਦੀ ਅਪੀਲ ਕੀਤੀ।
ਗਲੋਬਲ ਸਟਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਬਹੁ-ਉਡੀਕੇ ਜਾ ਰਹੇ 'ਔਰਾ ਇੰਡੀਆ ਟੂਰ 2026' (Aura India Tour 2026) ਦਾ ਆਗਾਜ਼ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਤੋਂ ਹੋਣ ਜਾ ਰਿਹਾ ਹੈ। ਇਸ ਮੈਗਾ ਕੰਸਰਟ ਲਈ ਸਟੇਡੀਅਮ ਵਿੱਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਪ੍ਰਸ਼ੰਸਕਾਂ ਦਾ ਵੱਡਾ ਜਮਾਵੜਾ ਸਟੇਡੀਅਮ ਦੇ ਬਾਹਰ ਦੇਖਣ ਨੂੰ ਮਿਲ ਰਿਹਾ ਹੈ।
ਕੰਸਰਟ ਤੋਂ ਪਹਿਲਾਂ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਅਸੀਂ ਦਿੱਲੀ ਪਹੁੰਚ ਗਏ ਹਾਂ ਅਤੇ ਰਿਹਰਸਲ ਪੂਰੀ ਹੋ ਗਈ ਹੈ। ਦਿੱਲੀ ਪੁਲਿਸ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਟੇਡੀਅਮ ਵਿੱਚ ਪਾਰਕਿੰਗ ਦੀ ਸਹੂਲਤ ਨਹੀਂ ਹੈ, ਇਸ ਲਈ ਆਪਣੇ ਵਾਹਨਾਂ ਦੀ ਬਜਾਏ ਦਿੱਲੀ ਮੈਟਰੋ ਦੀ ਵਰਤੋਂ ਕਰੋ।" ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੀ ਸਹੂਲਤ ਲਈ ਦਿੱਲੀ ਮੈਟਰੋ ਅੱਧੀ ਰਾਤ 12 ਵਜੇ ਤੱਕ ਚੱਲੇਗੀ, ਤਾਂ ਜੋ ਲੋਕ ਆਸਾਨੀ ਨਾਲ ਘਰ ਪਰਤ ਸਕਣ।
ਇਸ ਵੱਡੇ ਸਮਾਗਮ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਲੋਧੀ ਰੋਡ, ਭੀਸ਼ਮ ਪਿਤਾਮਾਹ ਮਾਰਗ ਅਤੇ ਸਟੇਡੀਅਮ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਆਵਾਜਾਈ ਦੇ ਬਦਲਵੇਂ ਰੂਟ ਬਣਾਏ ਹਨ।
ਕੈਬ ਅਤੇ ਆਟੋ ਲਈ ਵੀ ਖ਼ਾਸ ਪਿਕ-ਅੱਪ ਅਤੇ ਡ੍ਰੌਪ-ਆਫ਼ ਪੁਆਇੰਟ ਤੈਅ ਕੀਤੇ ਗਏ ਹਨ। ਦੱਸ ਦਈਏ ਕਿ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਵੱਲੋਂ ਕੰਸਰਟ ਦੀ ਮਨਜ਼ੂਰੀ ਰੋਕ ਦਿੱਤੀ ਗਈ ਸੀ, ਪਰ ਪ੍ਰਬੰਧਕਾਂ (BookMyShow Live) ਵੱਲੋਂ ਭੀੜ ਕੰਟਰੋਲ ਅਤੇ ਸੁਰੱਖਿਆ ਦਾ ਢੁਕਵਾਂ ਪਲਾਨ ਪੇਸ਼ ਕਰਨ ਤੋਂ ਬਾਅਦ ਹੀ ਸ਼ੋਅ ਨੂੰ ਹਰੀ ਝੰਡੀ ਦਿੱਤੀ ਗਈ।
ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦਾ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਦੂਰ-ਦੁਰਾਡੇ ਤੋਂ ਆਪਣੇ ਪਸੰਦੀਦਾ ਸਟਾਰ ਨੂੰ ਲਾਈਵ ਸੁਣਨ ਲਈ ਪਹੁੰਚੇ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਹ ਦਿਲਜੀਤ ਦੇ ਇਸ 'ਔਰਾ ਟੂਰ' ਦਾ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਦਿੱਲੀ ਵਿੱਚ ਹੋ ਰਿਹਾ ਇਹ ਸ਼ੋਅ ਉਨ੍ਹਾਂ ਲਈ ਇੱਕ ਯਾਦਗਾਰ ਅਨੁਭਵ ਹੋਣ ਵਾਲਾ ਹੈ। ਸਟੇਡੀਅਮ ਦੇ ਬਾਹਰ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦਿੱਲੀ ਦੇ ਇਸ ਸ਼ਾਨਦਾਰ ਆਗਾਜ਼ ਤੋਂ ਬਾਅਦ, ਦਿਲਜੀਤ ਦਾ ਇਹ ਟੂਰ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ ਅਤੇ ਅਖੀਰ ਵਿੱਚ ਚੰਡੀਗੜ੍ਹ ਵਿਖੇ ਜਾਵੇਗਾ।