ਡੇਅਰੀ ਮਾਲਕਾਂ ਨੇ ਕੀਮਤਾਂ ’ਚ 3 ਰੁਪਏ ਪ੍ਰਤੀ ਕਿਲੋ ਦਾ ਕੀਤਾ ਵਾਧਾ |
ਤਿਉਹਾਰਾਂ ਦੇ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਲਈ ਮਹਿੰਗਾਈ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ । ਸ਼ਹਿਰ ਵਿੱਚ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨੇ ਦੁੱਧ ਦੇ ਭਾਅ ਵਧਾਉਣ ਦਾ ਫ਼ੈਸਲਾ ਕੀਤਾ ਹੈ। ਨਵੇਂ ਰੇਟਾਂ ਮੁਤਾਬਕ, ਸ਼ਹਿਰ ਵਿੱਚ ਦੁੱਧ 3 ਰੁਪਏ ਪ੍ਰਤੀ ਕਿੱਲੋ ਤੱਕ ਮਹਿੰਗਾ ਹੋ ਜਾਵੇਗਾ।
ਹੈਬੋਵਾਲ ਡੇਅਰੀ ਦੇ ਪ੍ਰਧਾਨ ਕੁਲਦੀਪ ਸਿੰਘ ਲਹਿਰੀਆ ਅਤੇ ਹੋਰ ਡੇਅਰੀ ਨੁਮਾਇੰਦਿਆਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਦੁੱਧ ਵੇਚਣ ਵਾਲੇ ਸਾਰੇ ਬੂਥਾਂ ’ਤੇ ਕੀਮਤ ਵਿੱਚ 3 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕ੍ਰੀਮ ਡੇਅਰੀ ਵਾਲਿਆਂ ਲਈ ਫੈਟ ਦੇ ਰੇਟ ਵਿੱਚ 30 ਪੈਸੇ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਸਾਰੇ ਡੇਅਰੀ ਮਾਲਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਨਵੇਂ ਰੇਟ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਪਸ਼ੂਆਂ ਦੀ ਖੁਰਾਕ ਮਹਿੰਗੀ ਹੋਣਾ ਵਾਧੇ ਦਾ ਮੁੱਖ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਪਸ਼ੂਆਂ ਦੀ ਖੁਰਾਕ ਮਹਿੰਗੀ ਹੋਣਾ ਦੱਸਿਆ ਜਾ ਰਿਹਾ ਹੈ। ਡੇਅਰੀ ਸੰਚਾਲਕਾਂ ਮੁਤਾਬਕ, ਪਿਛਲੇ ਕੁਝ ਸਮੇਂ ਦੌਰਾਨ ਤੂੜੀ, ਦਾਣੇ ਅਤੇ ਹਰੇ ਚਾਰੇ (ਪੱਠਿਆਂ) ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਰ ਚੀਜ਼ ਮਹਿੰਗੀ ਹੋਣ ਕਾਰਨ ਡੇਅਰੀ ਮਾਲਕਾਂ ਲਈ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਡੇਅਰੀ ਨੁਮਾਇੰਦਿਆਂ ਨੇ ਸਪੱਸ਼ਟ ਕਿਹਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਘਾਟੇ ਅਤੇ ਆਰਥਿਕ ਤੰਗੀ ਕਾਰਨ ਕਈ ਡੇਅਰੀ ਮਾਲਕ ਆਪਣਾ ਕਾਰੋਬਾਰ ਵੇਚਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਹੜੇ ਡੇਅਰੀ ਮਾਲਕ ਵਧ ਰਹੀ ਮਹਿੰਗਾਈ ਨੂੰ ਨਹੀਂ ਸਮਝਣਗੇ ਅਤੇ ਦੁੱਧ ਦੇ ਰੇਟ ਨਹੀਂ ਵਧਾਉਣਗੇ, ਉਨ੍ਹਾਂ ਨੂੰ ਜਲਦੀ ਹੀ ਆਪਣੀਆਂ ਡੇਅਰੀਆਂ ਵੇਚਣ ਦੀ ਨੌਬਤ ਆ ਸਕਦੀ ਹੈ।