ਸਪੇਨ ’ਚ 2 ਰੇਲ ਗੱਡੀਆਂ ਟਕਰਾਈਆਂ, ਹਾਦਸੇ ’ਚ 46 ਲੋਕਾਂ ਦੀ ਮੌਤ, ਟੋਲੇਡੋ ਸੂਬੇ ਦੇ ਉਰਦਾ ਨੇੜੇ ਵਾਪਰਿਆ ਹਾਦਸਾ |




ਸਪੇਨ ਵਿੱਚ ਬੁੱਧਵਾਰ ਸਵੇਰੇ ਦੋ ਹਾਈ-ਸਪੀਡ ਟ੍ਰੇਨਾਂ ਦੀ ਟੱਕਰ ਕਾਰਨ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਇਹ ਹਾਦਸਾ ਮੱਧ ਸਪੇਨ ਦੇ ਟੋਲੇਡੋ ਸੂਬੇ ਵਿੱਚ ਉਰਡਾ ਨੇੜੇ ਵਾਪਰਿਆ। ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਇੱਕ ‘ਗੰਭੀਰ’ ਘਟਨਾ ਕਰਾਰ ਦਿੱਤਾ ਹੈ। ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ, ਜਦੋਂ ਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਇਸ ਹਾਦਸੇ ਤੋਂ ਬਾਅਦ ਮੈਡ੍ਰਿਡ ਤੋਂ ਦੱਖਣੀ ਸਪੇਨ ਦੇ ਅੰਦਾਲੂਸੀਆ ਇਲਾਕੇ ਨੂੰ ਜੋੜਨ ਵਾਲੀ ਹਾਈ-ਸਪੀਡ ਰੇਲ ਲਾਈਨ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।

ਸੀਐਨਐਨ ਦੀ ਰਿਪੋਰਟ ਮੁਤਾਬਕ, ਰੇਲਵੇ ਇਨਫ੍ਰਾਸਟ੍ਰਕਚਰ ਮੈਨੇਜਰ ADIF ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਟੱਕਰ ਸਪੇਨ ਦੇ ਮੱਧ ਸੂਬੇ ਟੋਲੇਡੋ ਵਿੱਚ ਮੋਰਾ, ਓਰਗਾਜ਼ ਅਤੇ ਉਰਡਾ ਕਸਬਿਆਂ ਵਿਚਕਾਰ ਹੋਈ। ਇਨ੍ਹਾਂ ਵਿੱਚੋਂ ਇੱਕ ਟ੍ਰੇਨ ਸਰਕਾਰੀ ਕੰਪਨੀ ‘ਰੇਨਫੇ’ ਦੀ ਸੀ, ਜਦੋਂ ਕਿ ਦੂਜੀ ਟ੍ਰੇਨ ‘ਇਰਿਓ’ ਕੰਪਨੀ ਦੀ ਸੀ।

ਦੱਸ ਦੇਈਏ ਕਿ ਇਹ ਦੋਵੇਂ ਟ੍ਰੇਨਾਂ ਸਪੇਨ ਦੀ ਰਾਜਧਾਨੀ ਮੈਡ੍ਰਿਡ ਨੂੰ ਦੱਖਣੀ ਅੰਦਾਲੂਸੀਆ ਸੂਬੇ ਦੇ ਸੇਵਿਲੇ ਸ਼ਹਿਰ ਨਾਲ ਜੋੜਨ ਵਾਲੇ ਰੂਟ ‘ਤੇ ਚੱਲ ਰਹੀਆਂ ਸਨ। ਇਸ ਹਾਦਸੇ ਕਾਰਨ ਫਿਲਹਾਲ ਮੈਡ੍ਰਿਡ ਤੋਂ ਅੰਦਾਲੂਸੀਆ ਜਾਣ ਵਾਲੀ ਹਾਈ-ਸਪੀਡ ਰੇਲ ਲਾਈਨ ਨੂੰ ਬੰਦ ਕਰਨਾ ਪਿਆ ਹੈ।