ਸਿੱਖ ਕੌਮ ਦੇ ਚੌਥੇ ਪਾਤਸ਼ਾਹ ਤੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸੋਢੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਕੱਤਕ ਵਦੀ 2, 26 ਅੱਸੂ ਸੰਮਤ 1591, 24 ਸਤੰਬਰ ਸੰਨ 1534 ਈ: ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ। ਆਪ ਕਿਉਂਕਿ ਮਾਤਾ-ਪਿਤਾ ਦੇ ਪਹਿਲੇ ਜੰਮੇ ਪੁੱਤਰ ਹੋਣ ਕਰ ਕੇ ਆਪ ਨੂੰ ਜੇਠਾ ਕਰ ਕੇ ਬੁਲਾਉਣ ਲੱਗੇ। ਜੇਠਾ ਜੀ ਅਜੇ ਛੋਟੀ ਉਮਰ ਦੇ ਸਨ ਕਿ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਦੀ ਪਾਲਣਾ ਆਪ ਦੇ ਨਾਨਕਿਆਂ ਨੇ ਕੀਤੀ। ਜੇਠਾ ਜੀ ਨੇ ਅਪਣੇ ਨਾਨਕੇ ਪਿੰਡ ਬਾਸਰਕੇ ਰਾਵੀ ਦੇ ਕਿਨਾਰੇ ਛੋਟੀ ਉਮਰ ਵਿਚ ਹੀ ਘੁੰਙਣੀਆਂ ਵੇਚਣੀਆਂ ਆਰੰਭ ਕੀਤੀਆਂ। ਘੁੰਙਣੀਆਂ ਵੇਚ ਕੇ ਮਿਲੇ ਪੈਸੇ ਘਰ ਦੇ ਨਿਰਬਾਹ ਵਿਚ ਹਿੱਸਾ ਪਾ ਦਿੰਦੇ ਸਨ।
ਗੁਰੂ ਅਮਰਦਾਸ ਜੀ ਦੇ ਜਨਮ ਭੋਇੰ ਬਾਸਰਕੇ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਜਾ ਰਹੀਆਂ ਸਨ। ਆਪ ਵੀ ਸਿੱਖ ਸੰਗਤਾਂ ਨਾਲ ਗੋਇੰਦਵਾਲ ਸਾਹਿਬ ਆ ਗਏ। ਜਿੱਥੇ ਬਾਉਲੀ ਸਾਹਿਬ ਦੀ ਖੁਦਾਈ ਦੀ ਸੇਵਾ ਹੋ ਰਹੀ ਸੀ। ਆਪ ਵੀ ਬੜੇ ਪ੍ਰੇਮ ਨਾਲ ਸੇਵਾ ਕਰਨ ਲੱਗ ਪਏ। ਇਨ੍ਹਾਂ ਦੀ ਸੇਵਾ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਇਸ ਕਾਰਜ ਦਾ ਸਾਰਾ ਪ੍ਰਬੰਧ ਜੇਠਾ ਜੀ ਨੂੰ ਸੰਭਾਲਿਆ। ਜਦੋਂ ਆਪ ਜੀ ਗੋਇੰਦਵਾਲ ਸਾਹਿਬ ਆਏ, ਉਸ ਸਮੇਂ ਆਪ ਦੀ ਉਮਰ 12 ਸਾਲ ਸੀ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਉਮਰ 16 ਸਾਲ ਸੀ। ਗੁਰੂ ਰਾਮਦਾਸ ਜੀ ਨੇ 16 ਸਾਲ ਤੋਂ 22 ਸਾਲ ਤਕ ਗੋਇੰਦਵਾਲ ਸਾਹਿਬ ਵਿਖੇ ਸੇਵਾ ਕੀਤੀ। ਇੱਥੇ ਆਪ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ ਘਰ ਦੀ ਨਿਸ਼ਕਾਮ ਸੇਵਾ ਵੀ ਮਨ ਲਾ ਕੇ ਕਰਦੇ। ਤੀਜੇ ਗੁਰੂ, ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਨੀ ਜੀ। ਵੱਡੀ ਸਪੁੱਤਰੀ ਬੀਬੀ ਦਾਨੀ ਦਾ ਵਿਆਹ ਰਾਮ ਜੀ ਨਾਲ ਹੋ ਗਿਆ ਸੀ ਤੇ ਛੋਟੀ ਬੀਬੀ ਭਾਨੀ ਅਜੇ ਕੁਆਰੀ ਸੀ।
ਇਕ ਦਿਨ ਮਾਤਾ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਭਾਨੀ ਜਵਾਨ ਹੋ ਗਈ ਹੈ। ਉਸ ਦੇ ਵਾਸਤੇ ਚੰਗਾ ਲੜਕਾ ਲੱਭ ਕੇ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਉਸੇ ਵੇਲੇ ਜੇਠਾ ਜੀ ਘੁੰਙਣੀਆਂ ਵੇਚਦੇ-ਵੇਚਦੇ ਉੱਥੇ ਆ ਗਏ। ਮਾਤਾ ਰਾਮ ਕੌਰ ਨੇ ਇਸ ਸੁੰਦਰ ਗੱਭਰੂ ਨੂੰ ਵੇਖ ਕੇ ਕਿਹਾ ਕਿ ਵਰ ਇਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ਇਹੋ ਜਿਹਾ ਤਾਂ ਇਹੀ ਹੈ। ਗੁਰੂ ਜੀ ਨੇ ਬਿਨਾਂ ਜਾਤ-ਪਾਤ ਜਾਂ ਪੁੱਛ-ਪੜਤਾਲ ਦੇ ਅਪਣੀ ਪੁੱਤਰੀ ਬੀਬੀ ਭਾਨੀ ਜੀ ਦੀ ਮੰਗਣੀ ਜੇਠਾ ਜੀ ਨਾਲ ਕਰ ਦਿਤੀ। ਕੱੁਝ ਦਿਨਾਂ ਮਗਰੋਂ 22 ਫੱਗਣ ਸੰਮਤ 1610, 5 ਮਾਰਚ 1553 ਈ: ਨੂੰ ਉਨ੍ਹਾਂ ਦਾ ਵਿਆਹ ਕਰ ਦਿਤਾ। ਜੇਠਾ ਜੀ ਦੀ ਉਮਰ ਉਸ ਸਮੇਂ 19 ਸਾਲ ਸੀ। ਗੁਰੂ ਘਰ ਦਾ ਦਾਮਾਦ ਬਣ ਕੇ ਵੀ ਆਪ ਨੇ ਲੋਕਾਂ ਦੇ ਤਾਹਨੇ-ਮਿਹਣਿਆਂ ਦੀ ਪ੍ਰਵਾਹ ਨਾ ਕੀਤੀ ਤੇ ਦਿਨ-ਰਾਤ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰਾਂ ਪ੍ਰਿਥੀ ਚੰਦ ਸੰਮਤ 1615, ਸੰਨ 1558 ਈ:, ਮਹਾਂਦੇਵ ਸੰਮਤ 1617, ਸੰਨ 1560 ਈ: ਤੇ (ਗੁਰੂ) ਅਰਜਨ ਦੇਵ ਸੰਮਤ 1620, ਸੰਨ 1563 ਈ: ਨੇ ਜਨਮ ਲਿਆ।
ਜੇਠਾ ਜੀ ਤਨ-ਮਨ ਨਾਲ ਗੁਰੂ ਜੀ ਅਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਪਏ। ਜੇਠਾ ਜੀ, ਗੁਰੂ ਅਮਰਦਾਸ ਜੀ ਦੇ ਭਾਵੇਂ ਰਿਸ਼ਤੇ ’ਚ ਜਵਾਈ ਸਨ ਪਰ ਆਪ ਸਹੁਰੇ ਘਰ ਜਵਾਈ ਬਣ ਕੇ ਨਹੀਂ ਰਹੇ। ਉਹ ਤਾਂ ਅਪਣੇ ਆਪ ਨੂੰ ਨਿਮਾਣਾ ਸੇਵਕ ਸਮਝਦੇ ਸਨ। ਗੋਇੰਦਵਾਲ ਸਾਹਿਬ ਦੀ ਬਾਉਲੀ ਦੀ ਸੇਵਾ ਸਮੇਂ ਜੇਠਾ ਜੀ ਨੇ ਬਾਕੀ ਸਿੱਖਾਂ ਵਾਂਗ ਗਾਰੇ, ਮਿੱਟੀ ਢੋਣ ਦੀ ਸੇਵਾ ਦਾ ਕੰਮ ਕੀਤਾ। ਲਾਹੌਰ ਦੇ ਸ਼ਰੀਕੇ ਦੇ ਕੁੱਝ ਸੱਜਣ ਕਹਿਣ ਲੱਗੇ, ‘‘ਸਾਡਾ ਭਾਈ ਸਹੁਰੇ ਘਰ ਟੋਕਰੀ ਢੋਅ ਰਿਹਾ ਹੈ। ਜੇ ਇਸ ਨੇ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜ੍ਹੇ ਸਨ। ਇਸ ਨੇ ਤਾਂ ਸਾਡੀ ਨੱਕ ਵਢਾ ਦਿਤੀ ਹੈ।’’ ਇਸ ਤਰ੍ਹਾਂ ਦੇ ਬੋਲ-ਕਬੋਲ ਬੋਲਦੇ ਉਹ ਗੁਰੂ ਅਮਰਦਾਸ ਜੀ ਕੋਲ ਪੁੱਜੇ। ਉਨ੍ਹਾਂ ਨੇ ਗੁਰੂ ਜੀ ਨੂੰ ਉਲ੍ਹਾਮਾ ਦਿਤਾ। ਗਰੂ ਜੀ ਨੇ ਮੁਸ਼ਕਰਾ ਕੇ ਕਿਹਾ, ‘‘ਪੁਰਖਾ! ਰਾਮਦਾਸ ਦੇ ਸਿਰ ਉੱਤੇ ਗਾਰੇ ਦੀ ਟੋਕਰੀ ਨਹੀਂ, ਸਗੋਂ ਦੀਨ-ਦੁਨੀ ਦਾ ਛੱਤਰ ਹੈ। ਗੁਰੂ ਅਮਰਦਾਸ ਜੀ ਦੇ ਕਹੇ ਬਚਨ ਸੱਚ ਸਿੱਧ ਹੋਏ।
ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ। ਸਿੱਖ ਇਤਿਹਾਸ ਵਿਚ ਇਕ ਸਾਖੀ ਹੈ ਕਿ ਗੁਰੂ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ ਦਾ ਹੁਕਮ ਕੀਤਾ। ਥੜ੍ਹੇ ਤਿਆਰ ਹੋਣ ਉਪਰੰਤ ਪਹਿਲੀ ਵਾਰ ਸਤਿਗੁਰਾਂ ਵੇਖ ਕੇ ਕਿਹਾ, ਠੀਕ ਨਹੀਂ। ਦੋਹਾਂ ਨੇ ਥੜ੍ਹੇ ਢਾਹ ਦਿਤੇ। ਦੂਜੀ ਵਾਰ ਫਿਰ ਗੁਰੂ ਅਮਰਦਾਸ ਜੀ ਵਲੋਂ ‘ਠੀਕ ਨਹੀਂ’ ਕਹਿਣ ’ਤੇ ਭਾਈ ਰਾਮਾ ਜੀ ਨੇ ਗੁੱਸਾ ਕੀਤਾ ਲੇਕਿਨ ਭਾਈ ਜੇਠਾ ਜੀ ਨੇ ਸਤਬਚਨ ਕਹਿ ਕੇ ਹੁਕਮ ਮੰਨਿਆ ਅਤੇ ਦੁਬਾਰਾ ਫਿਰ ਥੜ੍ਹੇ ਉਸਾਰੇ ਗਏ। ਫਿਰ ਨੁਕਸ ਕੱਢ ਕੇ ਥੜ੍ਹੇ ਢੁਹਾ ਦਿਤੇ ਗਏ। ਭਾਈ ਰਾਮਾ ਜੀ ਦਾ ਤਿੰਨ ਵਾਰ ਥੜ੍ਹੇ ਉਸਾਰਨ ਉਪਰੰਤ ਸਿਦਕ ਡੋਲ ਗਿਆ ਤੇ ਕਹਿਣ ਲੱਗਾ, ਇਸ ਤੋਂ ਚੰਗੇ ਹੋਰ ਕਿਹੜੇ ਬਣ ਜਾਣਗੇ। ਗੁਰੂ ਸਾਹਿਬ ਨੇ ਭਾਈ ਜੇਠਾ ਨੂੰ ਜਦੋਂ ਥੜ੍ਹਾ ਢਾਹੁਣ ਦਾ ਹੁਕਮ ਕੀਤਾ ਤਾਂ ਪ੍ਰੇਮ ਵਿਚ ਭਿੱਜੇ ਭਾਈ ਜੇਠਾ ਜੀ ਨੇ ਨਿਮਰਤਾ ਨਾਲ ਥੜ੍ਹਾ ਢਾਹ ਦਿਤਾ। ਅਸਲ ’ਚ ਇਹ ਥੜ੍ਹੇ ਨਹੀਂ ਸਨ, ਇਹ ਤਖ਼ਤ (ਗੁਰਗੱਦੀ) ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ। ਭਾਈ ਜੇਠਾ ਜੀ ਦੀ ਨਿਮਰਤਾ ਅਤੇ ਗੁਣਾਂ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਭਾਦੋਂ ਸੁਦੀ 13 ਸੰਮਤ 1531, 30 ਅਗਸਤ 1574 ਈ: ਦਿਨ ਸੋਮਵਾਰ ਨੂੰ ਸਾਰੀ ਸੰਗਤ ਤੇ ਅਪਣੇ ਸਾਰੇ ਪ੍ਰਵਾਰ ਸਾਹਮਣੇ ਆਪ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ। ਜੇਠਾ ਜੀ ਗੁਰੂ ਰਾਮਦਾਸ ਜੀ ਕਰ ਕੇ ਪ੍ਰਸਿੱਧ ਹੋਏ।
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ
ਆਪਿ ਸਿਰਜਣਹਾਰੈ ਧਾਰਿਆ॥7॥1॥
(ਰਾਮਕਲੀ ਕੀ ਵਾਰ, 968)
ਗੁਰੂ ਰਾਮਦਾਸ ਜੀ ਨੇ ਸਮਰਾਟ ਅਕਬਰ ਵਲੋਂ ਬੀਬੀ ਭਾਨੀ ਜੀ ਨੂੰ ਭੇਟਾ ਕੀਤੀ ਜ਼ਮੀਨ ’ਤੇ ਇਕ ਨਵਾਂ ਚੱਕ ‘ਸੰਤੋਖਸਰ’ ਅਤੇ ‘ਅੰਮ੍ਰਿਤਸਰ’ ਦੀ ਖੁਦਾਈ ਦਾ ਕੰਮ ਸ਼ੁਰੂ ਕਰਾਇਆ ਅਤੇ ਇੱਥੇ ਹੀ ਰਹਿਣ ਲੱਗ ਪਏ। ਜਿਸ ਦਾ ਨਾਂ ਆਪ ਨੇ ‘ਗੁਰੂ ਕਾ ਚੱਕ’ ਰਖਿਆ। ਵੱਖ-ਵੱਖ ਕਿੱਤਿਆਂ ਵਾਲੇ ਬੰਦੇ ਇੱਥੇ ਵਸਾਏ। ਹਰ ਤਰ੍ਹਾਂ ਦਾ ਕਾਰ-ਵਿਹਾਰ ਇੱਥੇ ਹੋਣ ਲੱਗਾ। ਆਪ ਨੇ ਸੰਮਤ 1634, ਸੰਨ 1577 ਈ: ਵਿਚ ਦੁੱਖ-ਭੰਜਨੀ ਦੇ ਕੋਲ ਇਕ ਸਰੋਵਰ ਦੀ ਖੁਦਵਾਈ ਆਰੰਭੀ, ਸਰੋਵਰ ’ਚ ਜਲ ਭਰਵਾਇਆ। ਇਸ ਸਰੋਵਰ ਨੂੰ ਪਿਛੋਂ ਅਰਜਨ ਸਾਹਿਬ ਜੀ ਨੇ ਸੰਪੂਰਨ ਕੀਤਾ। ਗੁਰੂ ਜੀ ਨੇ ਅਪਣੇ ਨਿਵਾਸ ਲਈ ਮਕਾਨ ਵੀ ਬਣਾਇਆ, ਉਸ ਦਾ ਨਾਂ ‘ਗੁਰੂ ਕੇ ਮਹਿਲ’ ਰਖਿਆ। ਇਹ ਮਹਿਲ ਹੁਣ ਤਕ ਮੌਜੂਦ ਹਨ।
ਗੁਰੂ ਰਾਮਦਾਸ ਜੀ ਨੇ 22 ਮੰਜੀਆਂ ਤੋਂ ਇਲਾਵਾ ਮਸੰਦ ਸਿਸਟਮ ਕਾਇਮ ਕੀਤਾ। ਇਹ ਮਸੰਦ ਦੂਰ-ਦੂਰ ਤੋਂ ਗੁਰੂ ਨਾਨਕ ਗੱਦੀ ਲਈ ਰੁਪਇਆ ਇਕੱਠਾ ਕਰ ਕੇ ਗੁਰੂ ਜੀ ਪਾਸ ਲਿਆਉਂਦੇ। ਗੁਰੂ ਰਾਮਦਾਸ ਜੀ ਨੇ ਪੰਜਾਬ ਤੋਂ ਬਾਹਰ ਸਿੱਖ ਸੰਗਤਾਂ ਨਾਲ ਸੰਪਰਕ ਕਾਇਮ ਕਰ ਕੇ ਚੰਗੇ ਵਿਦਵਾਨ, ਪ੍ਰਚਾਰਕ ਬਾਹਰ ਭੇਜੇ।
ਗੁਰੂ ਨਾਨਕ ਸਾਹਿਬ ਜੀ ਨੇ 19 ਰਾਗਾਂ ’ਚ ਬਾਣੀ ਉਚਾਰੀ, ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਜੀ ਨੇ ਕਿਸੇ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ। ਗੁਰੂ ਰਾਮਦਾਸ ਜੀ ਨੇ 11 ਹੋਰ ਨਵੇਂ ਰਾਗਾਂ ਦਾ ਵੀ ਪ੍ਰਯੋਗ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ 31 ਰਾਗਾਂ ਵਿਚ ਹੈ। ਗੁਰੂ ਰਾਮਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ’ਚ 30 ਰਾਗਾਂ ’ਚ 679 ਸ਼ਬਦ ਹਨ। ਇਹ ਸ਼ਬਦ ਰਾਗ ਦੇਵਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਰਾਇਣ, ਮਾਲੀ ਗਉੜਾ, ਕੇਦਾਰਾ, ਕਾਨੜਾ, ਕਲਿਆਣ ਰਾਗਾਂ ਵਿਚ ਹਨ। ਗੁਰੂ ਰਾਮਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ’ਚ ਸਭ ਤੋਂ ਵੱਧ ਅੱਠ ਵਾਰਾਂ ’ਚ ਕਈ ਸਲੋਕ ਉਪਦੇਸ਼ ਰੂਪ ਵਿਚ ਹਨ। ਆਸਾ ਕੀ ਵਾਰ ਵਿਚ ਸਾਰੇ ਛੰਤ ਗੁਰੂ ਰਾਮਦਾਸ ਜੀ ਦੇ ਹਨ। ਲਾਹੌਰ ਚੂਨਾ ਮੰਡੀ ਵਿਚ ਆਸਾ ਕੀ ਵਾਰ ਦੀ ਮਰਯਾਦਾ ਤੋਰੀ ਸੀ। ਸਿੱਖ ਜਗਤ ’ਚ ਪ੍ਰਚਲਤ ਚਾਰ ਲਾਵਾਂ ਗੁਰੂ ਰਾਮਦਾਸ ਜੀ ਨੇ ਹੀ ਉਚਾਰੀਆਂ ਹਨ। ਜੋ ਅਨੰਦ-ਕਾਰਜ ਸਮੇਂ ਪੜ੍ਹੀਆਂ ਜਾਂਦੀਆਂ ਹਨ। ਭੱਟਾਂ ਨੇ ਪੰਜ ਗੁਰੂ ਸਾਹਿਬਾਨ ਦੀ ਉਪਮਾ ਵਿਚ ਕੇਵਲ 123 ਸਵੱਈਏ ਉਚਾਰੇ ਹਨ। ਉਨ੍ਹਾਂ ਵਿਚੋਂ 60 ਤਾਂ ਨਿਰੋਲ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ਹਨ।
ਗੁਰੂ ਰਾਮਦਾਸ ਜੀ ਵਲੋਂ ਨਿਰਮਾਣ ਕੀਤੇ ਸਰੋਵਰ ਤੇ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਮਹਾਨਤਾ ਬਾਰੇ ਗੁਰਬਾਣੀ ’ਚ ਅੰਕਿਤ ਹੈ।
ਸੰਤਹੁ ਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ (ਅੰਗ:623)
ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥ ਨਿਰਮਲ ਹੋਇ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥1॥
(ਅੰਗ : 625)
ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ। ਸਭ ਤੋਂ ਵੱਡੇ ਪ੍ਰਿਥੀ ਚੰਦ ਕੰਮ-ਕਾਜ, ਆਮਦਨ-ਖ਼ਰਚ, ਆਏ-ਗਏ ਦੀ ਸੰਭਾਲ ਵਾਲਾ, ਚੁਸਤ ਸੀ। ਦੂਸਰਾ ਪੁੱਤਰ ਮਹਾਂਦੇਵ ਵੀ ਸਾਧੂ-ਸੁਭਾਅ ਦੇ ਸਨ ਕਿਸੇ ਕੰਮ ’ਚ ਰੁਚੀ ਨਹੀਂ ਸੀ ਰਖਦੇ। ਤੀਜੇ ਪੁੱਤਰ (ਗੁਰੂ) ਅਰਜਨ ਦੇਵ ਜੀ ਵਿਚ ਗੁਰਸਿੱਖ ਵਾਲੇ ਸਾਰੇ ਗੁਣ ਸਨ। ਗੁਰੂ ਰਾਮਦਾਸ ਜੀ ਨੇ ਬੜੀ ਸੋਚ ਵਿਚਾਰ ਤੇ ਪਰਖ ਮਗਰੋਂ ਗੁਰਤਾ-ਗੱਦੀ ਦੀ ਜ਼ੁੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਤਾਂ ਪ੍ਰਿਥੀ ਚੰਦ ਕ੍ਰੋਧ ਵਿਚ ਆ ਗਿਆ। ਉਹ ਬੜਾ ਨਾਰਾਜ਼ ਹੋਇਆ, ਗੁਰੂ ਜੀ ਨਾਲ ਲੜਿਆ। ਗੁਰੂ ਜੀ ਨੇ ਉਸ ਨੂੰ ਸਮਝਾਇਆ ਪਰ ਉਸ ’ਤੇ ਕੋਈ ਅਸਰ ਨਾ ਹੋਇਆ। ਗੁਰੂ ਰਾਮਦਾਸ ਜੀ ਸੱਚਖੰਡ ਦਾ ਸਮਾਂ ਨੇੜੇ ਆਇਆ ਜਾਣ ਕੇ ਪ੍ਰਵਾਰ ਸਮੇਤ ਗੋਇੰਦਵਾਲ ਚਲੇ ਗਏ। ਭਾਦੋਂ ਸੁਦੀ 3, 2 ਅੱਸੂ ਸੰਮਤ 1538 ਬਿਕਰਮੀ ਮੁਤਾਬਕ 1 ਸਤੰਬਰ 1581 ਈ: ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਰਸਮ ਅਦਾ ਕਰ ਕੇ 47 ਸਾਲ (ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 46 ਸਾਲ 11 ਮਹੀਨੇ 7 ਦਿਨ) ਉਮਰ ਭੋਗ ਕੇ ਜੋਤੀ-ਜੋਤਿ ਸਮਾ ਗਏ।
ਗੁਰੂ ਰਾਮਦਾਸ ਜੀ ਦਾ 492ਵਾਂ ਪ੍ਰਕਾਸ਼ ਗੁਰਪੁਰਬ ਅੱਜ ਪੂਰੇ ਦੇਸ਼-ਵਿਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹੈ।