25 ਤੋਂ 30 ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਹਵਾਈ ਅੱਡਾ, ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦਾ ਕੀਤਾ ਜਾਵੇਗਾ ਨਿੱਘਾ ਸੁਆਗਤ |
ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫੁੱਲਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਫੁੱਲਾਂ ਨਾਲ ਸਜਾਵਟ ਦੀ ਸੇਵਾ ਆਰੰਭ ਕੀਤੀ ਗਈ, ਤਾਂ ਜੋ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਅਤੇ ਯਾਤਰੀਆਂ ਦਾ ਨਿੱਘਾ ਸੁਆਗਤ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹਵਾਈ ਅੱਡੇ ਦੇ ਅਰਾਈਵਲ ਅਤੇ ਡਿਪਾਰਚਰ ਏਰੀਆ ਸਮੇਤ ਵੱਖ-ਵੱਖ ਹਿੱਸਿਆਂ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਕਾਊਂਟਰਾਂ ਅਤੇ ਹੋਰ ਥਾਵਾਂ ’ਤੇ ਵੀ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਹਵਾਈ ਅੱਡੇ ’ਤੇ ਗੁਰੂ ਸਾਹਿਬਾਨ ਦੇ ਸਰੂਪ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਿਸ਼ਾਲ ਮਾਡਲ ਵੀ ਸੁਸ਼ੋਭਿਤ ਕੀਤਾ ਗਿਆ ਹੈ, ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗਾ।
ਸੇਵਾਦਾਰਾਂ ਅਨੁਸਾਰ ਇਸ ਸੇਵਾ ਵਿਚ ਦੇਸ਼-ਵਿਦੇਸ਼ ਤੋਂ ਲਿਆਂਦੀਆਂ ਗਈਆਂ 25 ਤੋਂ 30 ਕਿਸਮਾਂ ਦੇ ਮਨਮੋਹਕ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੇਵਕਾਂ, ਪ੍ਰੇਮੀਆਂ ਅਤੇ ਦਿੱਲੀ ਤੇ ਕਲਕੱਤੇ ਤੋਂ ਪਹੁੰਚੇ ਕਾਰੀਗਰਾਂ ਵੱਲੋਂ ਸਾਂਝੇ ਤੌਰ ’ਤੇ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਦਾ ਮਕਸਦ ਹਵਾਈ ਅੱਡੇ ’ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਫੁੱਲਾਂ ਦੀ ਮਹਿਕ ਅਤੇ ਸੁੰਦਰ ਸਜਾਵਟ ਰਾਹੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨਾਲ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਇਹ ਸੇਵਾ ਸਿਰਫ਼ ਹਵਾਈ ਅੱਡੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਜਾਰੀ ਰਹੇਗੀ। ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਕੀਰਤਨ ਅਤੇ ਮੁੱਖ ਸਮਾਗਮਾਂ ਤੱਕ ਇਹ ਸੇਵਾ ਜਾਰੀ ਰੱਖਣ ਦੀ ਯੋਜਨਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸੇਵਾ ਅੰਮ੍ਰਿਤਸਰ ਪਹੁੰਚਣ ਵਾਲੀਆਂ ਸੰਗਤਾਂ ਦੇ ਸੁਆਗਤ ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦੀ ਹੈ।