ਭਾਊ 'ਤੇ ਦਿੱਲੀ ਤੇ ਹਰਿਆਣਾ 'ਚ ਕਈ ਮਾਮਲੇ ਹਨ ਦਰਜ |
ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਿਮਾਂਸ਼ੂ ਭਾਊ ਦੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੁਸ਼ਮਣੀ ਸੀ ਅਤੇ ਉਹ ਕਈ ਵੱਡੇ ਅਪਰਾਧ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਉਸ ਦਾ ਗੈਂਗ ਦਿੱਲੀ ਅਤੇ ਹਰਿਆਣਾ ਵਿੱਚ ਸਰਗਰਮ ਸੀ ਅਤੇ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ।
ਹੁਣ ਉਸ ਨੂੰ ਅਮਰੀਕਾ ਵਿੱਚ ਐਫ.ਬੀ.ਆਈ. (FBI) ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਉਸ ਨੂੰ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਕਈ ਮਾਮਲਿਆਂ ਵਿੱਚ ਲੋੜੀਂਦਾ ਹਿਮਾਂਸ਼ੂ ਭਾਊ ਬਹੁਤ ਛੋਟੀ ਉਮਰ ਵਿੱਚ ਹੀ ਅਪਰਾਧਿਕ ਜਗਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਸੀ, ਜਿਸ ਕਾਰਨ ਉਸ ਨੂੰ "ਛੋਟਾ ਡੌਨ" ਕਿਹਾ ਜਾਣ ਲੱਗਾ।
ਹਿਮਾਂਸ਼ੂ ਭਾਊ ਸਿਰਫ਼ 17 ਸਾਲ ਵਿੱਚ ਹੀ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ ਸੀ; ਇਸ ਤੋਂ ਪਹਿਲਾਂ ਬਚਪਨ ਵਿੱਚ ਉਹ ਬਾਲ ਸੁਧਾਰ ਗ੍ਰਹਿ ਵਿੱਚ ਵੀ ਸਮਾਂ ਬਿਤਾ ਚੁੱਕਾ ਸੀ। ਉਹ ਅਪਰਾਧ ਕਰਨ ਅਤੇ ਪੁਲਿਸ ਦੀ ਪਕੜ ਤੋਂ ਬਚਣ ਵਿੱਚ ਮਾਹਿਰ ਸੀ। ਸਾਲ 2023 ਵਿੱਚ, ਇੰਟਰਪੋਲ ਨੇ ਉਸ ਦੇ ਖਿਲਾਫ਼ 'ਰੈੱਡ ਕਾਰਨਰ ਨੋਟਿਸ' ਜਾਰੀ ਕੀਤਾ।
ਹਿਮਾਂਸ਼ੂ ਭਾਊ 'ਤੇ ਦਿੱਲੀ ਪੁਲਿਸ, ਹਰਿਆਣਾ ਪੁਲਿਸ ਅਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਮੰਗਣ ਵਰਗੇ ਦੋਸ਼ ਸ਼ਾਮਲ ਹਨ। ਸਾਲ 2022 ਵਿੱਚ, ਉਸ ਨੇ ਹਰਿਆਣਾ ਵਿੱਚ 24 ਘੰਟਿਆਂ ਦੇ ਅੰਦਰ ਹੋਏ ਤਿੰਨ ਕਤਲਾਂ ਦੀ ਜ਼ਿੰਮੇਵਾਰੀ ਲਈ ਸੀ।
ਇਸ ਤੋਂ ਇਲਾਵਾ, ਉਸ ਨੇ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਸੀ। ਹਿਮਾਂਸ਼ੂ ਭਾਊ, ਨੀਰਜ ਬਵਾਨਾ ਅਤੇ ਬੰਬੀਹਾ ਗੈਂਗਾਂ ਨਾਲ ਕੰਮ ਕਰਦਾ ਸੀ ਅਤੇ ਉਨ੍ਹਾਂ ਦਾ ਨੇੜਲਾ ਸੀ। ਹਿਮਾਂਸ਼ੂ ਭਾਊ ਗੈਂਗ ਦੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਖ਼ਤ ਦੁਸ਼ਮਣੀ ਹੈ।
ਹਿਮਾਂਸ਼ੂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਰਿਤੋਲੀ ਦਾ ਰਹਿਣ ਵਾਲਾ ਹੈ; ਆਪਣੇ ਪਿੰਡ ਵਿੱਚ ਉਹ 'ਹਿਮਾਂਸ਼ੂ ਰਿਤੋਲੀ' ਵਜੋਂ ਜਾਣਿਆ ਜਾਂਦਾ ਸੀ। ਹਿਮਾਂਸ਼ੂ ਲਗਭਗ 20 ਹੋਰ ਮੁੰਡਿਆਂ ਦੇ ਨਾਲ ਇੱਕ ਬਾਲ ਸੁਧਾਰ ਗ੍ਰਹਿ ਵਿੱਚੋਂ ਫਰਾਰ ਹੋ ਗਿਆ ਸੀ। ਉਸ 'ਤੇ ਹਰਿਆਣਾ ਵਿਚ ਲਗਭਗ 50 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਫਿਰੌਤੀ ਮੰਗਣਾ ਅਤੇ ਕਤਲ ਦੀ ਕੋਸ਼ਿਸ਼ ਵਰਗੇ ਦੋਸ਼ ਸ਼ਾਮਲ ਹਨ।
'ਹਿਮਾਂਸ਼ੂ ਭਾਊ' ਦਾ ਨਾਮ ਕਈ ਘਟਨਾਵਾਂ ਦੇ ਸਬੰਧ ਵਿਚ ਸਾਹਮਣੇ ਆਇਆ ਹੈ, ਜਿਵੇਂ ਕਿ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ, ਬਰਗਰ ਕਿੰਗ ਰੈਸਟੋਰੈਂਟ ਵਿੱਚ ਇੱਕ ਕਤਲ, ਅਤੇ ਜਿਮ ਮਾਲਕਾਂ ਨੂੰ ਨਿਸ਼ਾਨਾ ਬਣਾ ਕੇ ਫਿਰੌਤੀ ਲਈ ਕੀਤੀ ਗਈ ਗੋਲੀਬਾਰੀ ਆਦਿ ਵਿਚ। ਹਿਮਾਂਸ਼ੂ ਸ਼ੁਰੂ ਵਿੱਚ ਪੁਰਤਗਾਲ ਭੱਜ ਗਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਬੈਠ ਕੇ ਭਾਰਤ ਵਿੱਚ ਆਪਣਾ ਗੈਂਗ ਚਲਾਉਣ ਲੱਗਾ। ਸਾਲ 2023 ਵਿੱਚ ਉਸ ਦੇ ਖਿਲਾਫ ਇੱਕ 'ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।