ਅਸੀਂ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਨੌਜਵਾਨ ਕਸ਼ਮੀਰ ਵੱਲੋਂ ਸ੍ਰੀਨਗਰ ਦੀ ਸਿੱਖ ਸੰਗਤ ਦੇ ਨਾਲ ਮਿਲ ਕੇ ਵੀਰਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਰੈਨਾਵਾਰੀ, ਸ੍ਰੀਨਗਰ ਵਿਖੇ ਨਸ਼ਾ ਵਿਰੋਧੀ ਕਾਰਕੁੰਨ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਯਾਦ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ |
ਇਕੱਠ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਜੀ ਨੇ ਕਿਹਾ, "ਅਸੀਂ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਨਸ਼ਾ ਮਾਫੀਆ ਵਿਰੁੱਧ ਉਹਨਾਂ ਦਾ ਨਿਡਰ ਸੰਘਰਸ਼ ਪੰਥ ਅਤੇ ਪੰਜਾਬ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਲਈ ਸੀ। ਉਹ ਹਮੇਸ਼ਾ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਬਣੇ ਰਹਿਣਗੇ। ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਮਾਨਸਾ ਮੋਰਚੇ ਨੂੰ ਗੰਭੀਰਤਾ ਨਾਲ ਸੁਣੇ। ਅਸੀਂ ਸ਼ਹੀਦ ਪਰਵਿੰਦਰ ਸਿੰਘ ਜੀ ਲਈ ਇਨਸਾਫ਼ ਦੀ ਮੰਗ ਕਰ ਰਹੇ ਮਾਨਸਾ ਮੋਰਚੇ ਨੂੰ ਆਪਣਾ ਪੂਰਨ ਸਮਰਥਨ ਦਿੰਦੇ ਹਾਂ।"
ਇਸ ਮੌਕੇ ਵਿਛੜੀ ਰੂਹ ਲਈ ਵਿਸ਼ੇਸ਼ ਅਰਦਾਸ ਕੀਤੀ ਗਈ। ਇਸ ਮੌਕੇ ਨੂੰ ਸੰਬੋਧਨ ਕਰਦਿਆਂ ਸਿੱਖ ਕਾਰਕੁੰਨ ਅੰਗਦ ਸਿੰਘ ਖਾਲਸਾ ਨੇ ਪੰਜਾਬ ਵਿੱਚ ਨਸ਼ਿਆਂ ਦੀ ਬੁਰਾਈ ਵਿਰੁੱਧ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੇ ਦਲੇਰਾਨਾ ਸੰਘਰਸ਼ ਅਤੇ ਪੰਥ ਅਤੇ ਪੰਜਾਬ ਲਈ ਉਹਨਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕੀਤਾ।
ਉਹਨਾਂ ਕਿਹਾ ਕਿ ਸ਼ਹੀਦ ਝੋਟਾ ਇੱਕ ਨਿਡਰ ਆਵਾਜ਼ ਸੀ ਜੋ ਨਸ਼ਿਆਂ ਵਿਰੁੱਧ ਡਟ ਕੇ ਖੜ੍ਹਾ ਹੋਇਆ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਅਣਥੱਕ ਕੰਮ ਕੀਤਾ। ਉਹਨਾਂ ਦੀ ਸ਼ਹਾਦਤ ਸਿੱਖ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਰਹੇਗੀ।