ਸ਼ੱਕੀ ਸਪਲਾਈ ਚੇਨ ਦੀ ਕੀਤੀ ਜਾ ਰਹੀ ਜਾਂਚ |
ਪੰਜਾਬ ਕਰ ਵਿਭਾਗ ਨੇ ਮੰਡੀ ਗੋਬਿੰਦਗੜ੍ਹ ਦੀ ਇੱਕ ਫਰਮ ਨਾਲ ਜੁੜੇ 22.53 ਕਰੋੜ ਰੁਪਏ ਦੇ ਕਥਿਤ ਜੀਐਸਟੀ ਚੋਰੀ ਮਾਮਲੇ ਦਾ ਪਰਦਾਫਾਸ਼ ਕਰਦਿਆਂ 9.50 ਕਰੋੜ ਰੁਪਏ ਮੌਕੇ ’ਤੇ ਹੀ ਐਸਜੀਐਸਟੀ ਵਜੋਂ ਜਮ੍ਹਾਂ ਕਰਵਾਏ ਹਨ। ਮਾਮਲੇ ਵਿੱਚ ਫ਼ਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਅਤੇ ਸ਼ੱਕੀ ਸਪਲਾਈ ਚੇਨ ਦੀ ਜਾਂਚ ਕੀਤੀ ਜਾ ਰਹੀ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਤਾਬਕ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਦੇ ਲੈਣ-ਦੇਣ ਦੇ ਡੇਟਾ ਵਿਸ਼ਲੇਸ਼ਣ ਦੌਰਾਨ ਕਰੀਬ 22.53 ਕਰੋੜ ਰੁਪਏ ਦੇ ਆਈ.ਟੀ.ਸੀ. ਦੇ ਗਲਤ ਦਾਅਵੇ ਸਾਹਮਣੇ ਆਏ। ਇਹ ਦਾਅਵੇ ਅਜਿਹੇ ਸਪਲਾਇਰਾਂ ਨਾਲ ਜੁੜੇ ਮਿਲੇ, ਜਿਨ੍ਹਾਂ ਦੀਆਂ ਜੀ.ਐਸ.ਟੀ. ਰਜਿਸਟ੍ਰੇਸ਼ਨਾਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਸਨ। ਕਰ ਵਿਭਾਗ ਦੀਆਂ ਟੀਮਾਂ ਵੱਲੋਂ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਦੇ ਕਾਰੋਬਾਰੀ ਅਹਾਤੇ ਦੀ ਜਾਂਚ ਤੋਂ ਬਾਅਦ ਸਬੰਧਤ ਧਿਰ ਨੇ 9.50 ਕਰੋੜ ਰੁਪਏ ਐਸਜੀਐਸਟੀ ਵਜੋਂ ਨਕਦ ਜਮ੍ਹਾਂ ਕਰਵਾਏ। ਬਾਕੀ ਰਕਮ ਦੀ ਵਸੂਲੀ ਲਈ ਕਾਰਵਾਈ ਜਾਰੀ ਹੈ।
ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ, ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ, ਬੈਂਕਿੰਗ ਅਤੇ ਹੋਰ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਡੇਟਾ ਵਿਸ਼ਲੇਸ਼ਣ ਅਤੇ ਤਕਨਾਲੋਜੀ ਰਾਹੀਂ ਫ਼ਰਜ਼ੀ ਬਿਲਿੰਗ ਤੇ ਆਈਟੀਸੀ ਨੈੱਟਵਰਕਾਂ ਦੀ ਪਛਾਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਟੈਕਸ ਚੋਰੀ ਅਤੇ ਫ਼ਰਜ਼ੀ ਆਈਟੀਸੀ ਲੈਣ-ਦੇਣ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਦੇ ਨਾਲ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸ ਦਾਤਾਵਾਂ ਨੂੰ ਸਹੂਲਤ ਦੇਣ ਦੀ ਗੱਲ ਆਖੀ ਹੈ।