ਲੁਧਿਆਣਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐਲਾਨ |
ਮਾਣਹਾਨੀ ਦੇ ਮਾਮਲੇ ਵਿੱਚ ਪਟਿਆਲਾ ਦੀ ਸੀ.ਜੇ.ਐਮ. ਅਦਾਲਤ ਵੱਲੋਂ ਇੱਕ ਸਾਲ ਦੀ ਸੁਣਾਈ ਗਈ ਸਜ਼ਾ ਦੇ ਖਿਲਾਫ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਪਟਿਆਲਾ ਦੀ ਸੈਸ਼ਨ ਅਦਾਲਤ ਵਿੱਚ ਅਪੀਲ ਕਰਨਗੇ । ਸੀ.ਜੇ.ਐਮ. ਅਦਾਲਤ ਨੇ ਸਾਲ 2018 ਵਿੱਚ ਤਤਕਾਲੀਨ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਖਿਲਾਫ ਬੈਂਸ ਵੱਲੋਂ ਦਿੱਤੇ ਗਏ ਇੱਕ ਬਿਆਨ ਨਾਲ ਜੁੜੇ ਮਾਣਹਾਨੀ ਦੇ ਕੇਸ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਹੈ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਹਨ ਅਤੇ ਸੀ.ਜੇ.ਐਮ. ਅਦਾਲਤ ਦੇ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਚੁਨੌਤੀ ਦੇਣਗੇ। ਬੈਂਸ ਨੇ ਸੀ.ਜੇ.ਐਮ. ਵੱਲੋਂ ਸੁਣਾਏ ਗਏ ਫੈਸਲੇ ਤੇ ਸਵਾਲ ਖੜ੍ਹੇ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਵੀ ਸ਼ਿਕਾਇਤ ਕਰਨ ਦੀ ਗੱਲ ਆਖੀ । ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਣਹਾਨੀ ਦੇ ਕੇਸ ਵਿੱਚ ਕਿਸੇ ਨੂੰ ਸਜ਼ਾ ਹੋਈ ਹੋਵੇ । ਹਾਲਾਂਕਿ ਬ੍ਰਹਮ ਮਹਿੰਦਰਾ ਦੇ ਵੀ ਕਾਂਗਰਸ ਵਿੱਚ ਹੋਣ ਬਾਰੇ ਬੈਂਸ ਨੇ ਕਿਹਾ ਕਿ ਉਹ ਆਪਣੇ ਪੱਖ ’ਤੇ ਕਾਇਮ ਹਨ ਅਤੇ ਉੱਪਰਲੀ ਅਦਾਲਤ ਵਿੱਚ ਅਪੀਲ ਕਰਨਗੇ। ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਬਾਰੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਨਾਲ ਲੱਗਦੀ ਦੇਸ਼ ਦੀ ਸਰਹੱਦੀ ਸੀ ਸੁਰੱਖਿਆ ਬੀ.ਐਸ.ਐਫ. ਕੋਲ ਹੈ। ਇਸੇ ਤਰ੍ਹਾਂ ਗੁਜਰਾਤ ਦਾ ਪੋਰਟ ਅਡਾਨੀ ਦੇ ਅੰਡਰ ਹੈ, ਜਿੱਥੋਂ ਨਸ਼ਾ ਆਉਂਦਾ ਹੈ। ਅਮਿਤ ਸ਼ਾਹ ਨੂੰ ਪਹਿਲਾਂ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ।