ਬੱਚੇ ਸ਼ੁਭਦੀਪ ਸਿੰਘ ਮੂਸੇਵਾਲਾ ਤੋਂ ਹਿੰਸਕ ਹਾਵ-ਭਾਵ ਕਰਵਾਉਣ ’ਤੇ ਰੋਕ ਲਗਾਉਣ ਦੀ ਮੰਗ |




ਹਿਊਮਨ ਰਾਈਟਸ ਸੰਗਠਨ ਨੇ ਬਾਲ ਸੁਰੱਖਿਆ ਯੂਨਿਟ ਮਾਨਸਾ ਕੋਲ ਦਰਜ ਕਰਵਾਈ ਸ਼ਿਕਾਇਤ |

ਮਨੁੱਖੀ ਅਧਿਕਾਰ ਸੰਗਠਨ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਮਾਨਸਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਨਸਾ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ । ਇਸ ਸ਼ਿਕਾਇਤ ਰਾਹੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਉੱਤੇ ਛੋਟੇ ਬੱਚੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਛੋਟਾ ਸਿੱਧੂ ਤੋਂ ਹਿੰਸਕ ਹਾਵ-ਭਾਵ ਕਰਵਾਉਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

ਸੰਗਠਨ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਬੱਚੇ ਨੂੰ ਹਿੰਸਾ ਤੋਂ ਦੂਰ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਮੁਤਾਬਕ ਹਾਲ ਹੀ ਵਿੱਚ ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਟੇਜ ਉੱਤੇ ਇਸ ਕਰੀਬ ਢਾਈ ਸਾਲਾ ਬੱਚੇ ਕੋਲੋਂ ਹਥਿਆਰ ਚਲਾਉਣ ਵਰਗੇ ਇਸ਼ਾਰੇ ਕਰਵਾ ਕੇ ਉਸ ਦੇ ਮਰਹੂਮ ਭਰਾ ਦੀ ਨਕਲ ਕਰਵਾਈ ਗਈ, ਜੋ ਕਿ ਬੱਚੇ ਦੇ ਹਿੱਤ ਵਿੱਚ ਨਹੀਂ ਹੈ।

ਸੰਗਠਨ ਨੇ ਮੰਗ ਕੀਤੀ ਹੈ ਕਿ ਮਾਪਿਆਂ ਨੂੰ ਬੱਚੇ ਦੀ ਉਮਰ ਅਤੇ ਮਾਨਸਿਕ ਸਥਿਤੀ ਦਾ ਗ਼ਲਤ ਇਸਤੇਮਾਲ ਕਰਨ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦੀ ਕਾਊਂਸਲਿੰਗ ਕਰਵਾਈ ਜਾਵੇ। ਜੇਕਰ ਮਾਪੇ ਇਸ ਤਰ੍ਹਾਂ ਦੇ ਵਤੀਰੇ ਨੂੰ ਬੰਦ ਨਹੀਂ ਕਰਦੇ, ਤਾਂ ਜੁਵੇਨਾਈਲ ਜਸਟਿਸ ਐਕਟ 2015 ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।