ਪੂਰਵਾਂਚਲ ਐਕਸਪ੍ਰੈੱਸਵੇਅ 'ਤੇ ਵਾਪਰੇ ਸੜਕ ਹਾਦਸੇ ’ਚ ਪਿਓ-ਪੁੱਤ ਦੀ ਗਈ ਜਾਨ, ਤਿੰਨ ਜ਼ਖ਼ਮੀ |




ਮ੍ਰਿਤਕਾਂ ਦੀ ਇੰਜੀਨੀਅਰ ਸ਼ਾਦਾਬ ਅਹਿਮਦ ਅਤੇ ਖੁਰਸ਼ੀਦ ਅਹਿਮਦ ਵਜੋਂ ਹੋਈ ਪਛਾਣ |

ਪੂਰਵਾਂਚਲ ਐਕਸਪ੍ਰੈੱਸਵੇਅ 'ਤੇ ਤੇਜ਼ ਰਫ਼ਤਾਰ ਮਾਰੂਤੀ ਇਗਨਿਸ ਕਾਰ ਮੈਟਲ ਬੀਮ ਕਰੈਸ਼ ਬੈਰੀਅਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਕਾਰ ਚਲਾ ਰਹੇ ਮਾਊ ਨਿਵਾਸੀ ਸਿਵਲ ਇੰਜੀਨੀਅਰ ਸ਼ਾਦਾਬ ਅਹਿਮਦ ਅਤੇ ਉਨ੍ਹਾਂ ਦੇ ਪਿਤਾ ਖੁਰਸ਼ੀਦ ਅਹਿਮਦ ਦੀ ਮੌਤ ਹੋ ਗਈ। ਪਤਨੀ ਆਸਮਾ, ਧੀ ਕੁਲਸੁਮ ਅਤੇ ਪੁੱਤਰ ਅਦਨਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤਿੰਨਾਂ ਦਾ ਲਾਈਫਲਾਈਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 15 ਸਾਲਾ ਕੁਲਸੁਮ ਦੀ ਹਾਲਤ ਗੰਭੀਰ ਦੱਸੀ ਗਈ ਹੈ। ਸ਼ਾਦਾਬ ਦਿੱਲੀ ਦੇ ਜਾਮਿਆ ਨਗਰ ਸਥਿਤ ਓਖਲਾ ਦੀ ਹਾਜੀ ਕਲੋਨੀ ਵਿੱਚ ਪਰਿਵਾਰ ਨਾਲ ਰਹਿੰਦੇ ਸਨ। 19 ਅਕਤੂਬਰ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਉਹ ਵੀਰਵਾਰ ਰਾਤ ਕਰੀਬ 11 ਵਜੇ ਕਾਰ ਰਾਹੀਂ ਮਾਊ ਲਈ ਨਿਕਲੇ ਸਨ, ਪਰ ਸਵੇਰੇ ਹਾਦਸਾ ਵਾਪਰ ਗਿਆ।

ਯੂਪੀਡਾ ਦੀ ਬਚਾਅ ਟੀਮ ਨੇ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸ਼ਾਦਾਬ ਅਤੇ ਖੁਰਸ਼ੀਦ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਾਦਾਬ ਦੇ ਚਚੇਰੇ ਭਾਈ ਸਾਜਿਦ ਨੇ ਦਾਅਵਾ ਕੀਤਾ ਕਿ ਐਕਸਪ੍ਰੈੱਸਵੇਅ 'ਤੇ ਸਾਹਮਣੇ ਆਈ ਨੀਲ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਬੇਕਾਬੂ ਹੋ ਗਈ। ਉੱਥੇ ਹੀ ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅਜ਼ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਦੇ ਸਕਿਓਰਿਟੀ ਅਫ਼ਸਰ ਰਾਧੇ ਸ਼ਿਆਮ ਨੇ ਦੱਸਿਆ ਕਿ ਚਾਲਕ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ । ਜਦਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਨੀਲ ਗਾਂ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਅਨੁਸਾਰ ਹਾਦਸੇ ਸਮੇਂ ਕਾਰ ਦੀ ਗਤੀ ਸਪੀਡ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਕਾਰ ਐਕਸਪ੍ਰੈੱਸਵੇਅ ਦੇ ਕਿਨਾਰੇ ਲੱਗੇ ਐੱਮ.ਬੀ.ਸੀ.ਬੀ. ਨਾਲ ਟਕਰਾਉਣ ਤੋਂ ਬਾਅਦ ਪਲਟ ਗਈ।