ਰੌਬਰਟ ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਦਿੱਤਾ ਜਾਵੇਗਾ ਪੁਰਸਕਾਰ |
2026 ਦਾ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਰੌਬਰਟ ਈ. ਹਾਲ ਅਤੇ ਮਾਈਕਲ ਵੁੱਡਫੋਰਡ ਨੂੰ ਦਿੱਤਾ ਗਿਆ ਹੈ । ਉਨ੍ਹਾਂ ਨੂੰ ਅਰਥਵਿਵਸਥਾ ਨੂੰ ਸਥਿਰ ਰੱਖਣ ਵਾਲੀਆਂ ਨੀਤੀਆਂ ਨੂੰ ਸਮਝਣ ਵਿੱਚ ਅਹਿਮ ਯੋਗਦਾਨ ਲਈ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਦੀ ਖੋਜ ਨਾਲ ਸਰਕਾਰਾਂ ਅਤੇ ਕੇਂਦਰੀ ਬੈਂਕਾਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਮਹਿੰਗਾਈ ਵਧਣ ਜਾਂ ਅਰਥਵਿਵਸਥਾ ਕਮਜ਼ੋਰ ਹੋਣ 'ਤੇ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਦੋਵਾਂ ਅਰਥਸ਼ਾਸਤਰੀਆਂ ਨੇ ਨਿਊ ਕੀਨਜ਼ੀਅਨ ਮਾਡਲ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮਾਡਲ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਪੂਰੀ ਅਰਥਵਿਵਸਥਾ ਨੂੰ ਸਮਝਣ ਲਈ ਆਮ ਲੋਕਾਂ ਅਤੇ ਕੰਪਨੀਆਂ ਦੇ ਫ਼ੈਸਲਿਆਂ 'ਤੇ ਧਿਆਨ ਦਿੱਤਾ ਜਾਂਦਾ ਹੈ। ਜਿਵੇਂ ਲੋਕ ਕਿੰਨਾ ਖ਼ਰਚ ਕਰਦੇ ਹਨ, ਕਿੰਨੀ ਬੱਚਤ ਕਰਦੇ ਹਨ ਅਤੇ ਕੰਪਨੀਆਂ ਕਿੰਨਾ ਨਿਵੇਸ਼ ਕਰਦੀਆਂ ਹਨ। ਅਜਿਹੇ ਲੱਖਾਂ ਫ਼ੈਸਲਿਆਂ ਦਾ ਅਸਰ ਪੂਰੀ ਅਰਥਵਿਵਸਥਾ 'ਤੇ ਪੈਂਦਾ ਹੈ।