ਬੇਅੰਤ ਸਿੰਘ ਹਤਿਆ ਕਾਂਡ ’ਚ ਦਿੱਲੀ ਦੀ ਜੇਲ ’ਚ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਅਪਣੀ ਬਿਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ’ਤੇ ਅਪਣੇ ਪਿੰਡ ਆਉਣ ਲਈ ਸਹਿਮਤ ਹੋ ਗਏ ਹਨ। ਇਸ ਸਬੰਧ ਵਿਚ ਉਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਸਾਲਾ ਤੋਂ ਮੋਰਚਾ ਲਾਈ ਬੈਠੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਅਪੀਲ ਕੀਤੀ ਸੀ। ਸਰਕਾਰ ਇਕ ਦਿਨ ਦੀ ਪੈਰੋਲ ਦੇਣ ਲਈ ਤਿਆਰ ਹੈ ਭਾਵੇਂ ਹਾਲੇ ਪੈਰੋਲ ਦੀ ਕੋਈ ਤਰੀਕ ਤਾਂ ਤੈਅ ਨਹੀਂ ਹੋਈ ਪਰ ਹਵਾਰਾ ਦੀ ਸਹਿਮਤੀ ਬਾਅਦ ਹੁਣ ਉਨ੍ਹਾਂ ਨੂੰ ਕਿਸੇ ਵੀ ਸਮੇ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਦੇ ਪਿੰਡ ਲਿਆਂਦਾ ਜਾ ਸਕਦਾ ਹੈ।
ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ ਅਤੇ ਪ੍ਰਮੁੱਖ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਵੀ ਲਿਖਤੀ ਬਿਆਨ ਵਿਚ ਦਸਿਆ ਕਿ ਕੌਮੀ ਇਨਸਾਫ਼ ਮੋਰਚੇ ਵਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬੇਨਤੀ ਕੀਤੀ ਸੀ ਕਿ ਜੇਕਰ ਪ੍ਰਸ਼ਾਸਨ ਇਕ ਦਿਨ ਵੀ ਮਾਤਾ ਨੂੰ ਮਿਲਣ ਲਈ ਪੈਰੋਲ ਦਿੰਦਾ ਹੈ ਤਾਂ ਉਹ ਸਵਿਕਾਰ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਜੇਲ ਬਦਲੀ ਅਤੇ ਪੈਰੋਲ ਬਾਰੇ ਜੋ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਸ ਵਿਚ ਪ੍ਰਸ਼ਾਸਨ ਵਲੋਂ ਅਦਾਲਤਾਂ ਵਿਚ ਲਿਖ ਕੇ ਦਿਤਾ ਜਾਂਦਾ ਹੈ ਕਿ ਜਗਤਾਰ ਸਿੰਘ ਹਵਾਰਾ ਅਪਣੀ ਮਾਤਾ ਨੂੰ ਮਿਲਣ ਲਈ ਨਹੀਂ ਆਉਣਾ ਚਾਹੁੰਦੇ। ਮੋਰਚੇ ਦੇ ਆਗੂਆਂ ਨੇ ਦਸਿਆ ਕਿ ਇਸ ਲਈ ਮੋਰਚੇ ਵਲੋਂ ਕੀਤੀ ਅਪੀਲ ਨੂੰ ਜਥੇਦਾਰ ਹਵਾਰਾ ਨੇ ਸਵੀਕਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਂਦਰ ਸਰਕਾਰ ਨੂੰ ਹਵਾਰਾ ਦੀ ਪੈਰੋਲ ਲਈ ਮਨੁੱਖੀ ਅਧਾਰ ਤੇ ਅਪੀਲ ਕਰ ਚੁਜੇ ਹਨ ਅਤੇ ਰਾਜਪਾਲ ਨੂੰ ਮਿਲਕੇ ਵੀ ਮੰਗ ਕੀਤੀ ਸੀ।
ਚੰਡੀਗੜ੍ਹ ’ਚ ਵੱਡਾ ਰੋਸ ਮਾਰਚ ਵੀ ਹੋ ਚੁੱਕਾ ਹੈ ਅਤੇ ਪ੍ਰਦਰਸ਼ਨਕਾਰੀ ਰਾਜ ਭਵਨ ਤਕ ਪਹੁੰਚਣਾ ’ਚ ਸਫ਼ਲ ਹੋ ਗਏ ਸਨ। ਇਸ ਦੌਰਾਨ ਪੁਲਿਸ ਨਾਲ ਝੜਪਾਂ ਵੀ ਹੋਈਆਂ ਸਨ। ਪਹਿਲਾਂ ਹਵਾਰਾ ਲਈ ਘਟੋ ਘੱਟ ਇਕ ਹਫ਼ਤੇ ਦੀ ਪੈਰੋਲ ਮੰਗੀ ਜਾ ਰਹੀ ਸੀ ਪਰ ਹੁਣ ਬਦਲੀਆਂ ਸਥਿਤੀਆਂ ਮੁਤਾਬਕ ਫਿਲਹਾਲ ਇਨਸਾਫ਼ ਮੋਰਚੇ ਨੇ ਇਕ ਦਿਨ ਦੀ ਪੈਰੋਲ ਲਈ ਫ਼ੈਸਲਾ ਲਿਆ ਹੈ ਪਰ ਹਵਾਰਾ ਨੂੰ ਪੰਜਾਬ ਦੀ ਜੇਲ ਵਿਚ ਬਦਲਣ ਦੀ ਮੰਗ ਬਰਕਰਾਰ ਹੈ।