ਏ.ਐਸ.ਆਈ. ਸੁਖਚੈਨ ਸਿੰਘ ਗੋਲੀਕਾਂਡ ਮਾਮਲੇ ’ਚ ਪੁਲਿਸ ਨੇ ਮਾਮਲਾ ਕੀਤਾ ਦਰਜ |




ਸੁਖਚੈਨ ਸਿੰਘ ਨੇ ਆਪਣੀ ਭਾਬੀ ਗੁਰਪ੍ਰੀਤ ਕੌਰ 'ਤੇ ਪ੍ਰਗਟਾਇਆ ਸ਼ੱਕ : ਪੁਲਿਸ |

ਅਜਨਾਲਾ : ਜੀ.ਆਰ.ਪੀ.ਐਫ. ਵਿੱਚ ਤਾਇਨਾਤ ਏ.ਐਸ.ਆਈ. ਸੁਖਚੈਨ ਸਿੰਘ ਉੱਤੇ ਬੀਤੀ ਰਾਤ ਲਗਭਗ 7 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਸੁਖਚੈਨ ਸਿੰਘ ਆਪਣੀ ਡਿਊਟੀ ਖ਼ਤਮ ਕਰਕੇ ਸਿਵਲ ਕੱਪੜਿਆਂ ਵਿੱਚ ਮੋਟਰਸਾਈਕਲ 'ਤੇ ਆਪਣੇ ਘਰ ਜਗਦੇਵ ਖੁਰਦ ਵੱਲ ਜਾ ਰਿਹਾ ਸੀ। ਜਦੋਂ ਉਹ ਜਗਦੇਵ ਖੁਰਦ ਦੀ ਪੁਲੀ ਕੋਲ ਪਹੁੰਚਿਆ, ਤਾਂ ਇੱਕ ਮੋਟਰਸਾਈਕਲ 'ਤੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਉੱਤੇ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਉਸਦੀ ਬਾਂਹ ਉੱਤੇ ਲੱਗੀ। ਫਿਲਹਾਲ ਜ਼ਖਮੀ ਮੁਲਾਜ਼ਮ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਹੈ।

​ਮੁੱਢਲੀ ਤਫਤੀਸ਼ ਅਤੇ ਏ.ਐਸ.ਆਈ. ਦੇ ਬਿਆਨਾਂ ਦੇ ਆਧਾਰ 'ਤੇ ਐਸ.ਐਸ.ਪੀ. ਨੇ ਦੱਸਿਆ ਕਿ ਇਹ ਹਮਲਾ ਕਿਸੇ ਪੁਰਾਣੀ ਪਰਿਵਾਰਕ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਪੁਲਿਸ ਮੁਤਾਬਕ, ਏ.ਐਸ.ਆਈ. ਸੁਖਚੈਨ ਸਿੰਘ ਨੇ ਆਪਣੀ ਭਾਬੀ ਗੁਰਪ੍ਰੀਤ ਕੌਰ (ਵਾਸੀ ਭਿੱਖੀਵਿੰਡ) 'ਤੇ ਸ਼ੱਕ ਜ਼ਾਹਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਲ 2019 ਵਿੱਚ ਸੁਖਚੈਨ ਸਿੰਘ ਦੇ ਭਰਾ ਹੀਰਾ ਸਿੰਘ ਦੀ ਮੌਤ ਹੋ ਗਈ ਸੀ, ਜਿਸ ਵਿੱਚ ਗੁਰਪ੍ਰੀਤ ਕੌਰ ਅਤੇ ਉਸ ਦੇ ਹਰਿਆਣਾ ਨਿਵਾਸੀ ਦੋਸਤ ਸਤਨਾਮ ਉਰਫ਼ ਸੱਤਾ 'ਤੇ ਕੇਸ ਦਰਜ ਹੋਇਆ ਸੀ। ਉਹ ਮਾਮਲਾ ਅਦਾਲਤ ਵਿੱਚ ਅੰਤਿਮ ਪੜਾਅ 'ਤੇ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸੇ ਰੰਜਿਸ਼ ਤਹਿਤ ਗੁਰਪ੍ਰੀਤ ਕੌਰ ਨੇ ਇਹ ਸਾਜ਼ਿਸ਼ ਰਚ ਕੇ ਹਮਲਾ ਕਰਵਾਇਆ ਹੈ।  

​ਇਸ ਘਟਨਾ ਦੇ ਸਬੰਧ ਵਿੱਚ ਥਾਣਾ ਅਜਨਾਲਾ ਵਿਖੇ ਐਫ.ਆਈ.ਆਰ. ਨੰਬਰ 334, ਧਾਰਾ 109 (ਬੀ.ਐਨ.ਐਸ.307 ਆਈ.ਪੀ.ਸੀ.) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀਆਂ ਫੋਰੈਂਸਿਕ ਅਤੇ ਟੈਕਨੀਕਲ ਟੀਮਾਂ ਸੀ.ਸੀ.ਟੀ.ਵੀ.  ਕੈਮਰਿਆਂ ਦੀ ਫੁਟੇਜ ਖੰਗਾਲ ਰਹੀਆਂ ਹਨ। ਐਸ.ਐਸ.ਪੀ ਕੰਵਲਪ੍ਰੀਤ ਸਿੰਘ ਨੇ ਆਖਿਆ ਕਿ ਹਰਿਆਣਾ, ਰਾਜਸਥਾਨ ਅਤੇ ਹੋਰ ਠਿਕਾਣਿਆਂ 'ਤੇ ਛਾਪੇਮਾਰੀ ਲਈ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿਵਾਈ ਜਾਵੇਗੀ।