ਕੈਪਟਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਸ਼ਨੀਵਾਰ ਨੂੰ ਮਲੇਸ਼ੀਆ ਨੂੰ ਇੱਕਤਰਫ਼ਾ ਫਾਈਨਲ ਵਿੱਚ 5-1 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦਾ ਸੋਨ ਤਗਮਾ ਬਰਕਰਾਰ ਰੱਖਿਆ ਅਤੇ 2028 ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ। ਇਸ ਤੋਂ ਇੱਕ ਦਿਨ ਪਹਿਲਾਂ ਮਹਿਲਾ ਟੀਮ ਨੇ ਮੌਜੂਦਾ ਚੈਂਪੀਅਨ ਅਤੇ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੀਨ ਨੂੰ 1-0 ਨਾਲ ਹਰਾ ਕੇ 44 ਸਾਲਾਂ ਬਾਅਦ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ ਅਤੇ ਓਲੰਪਿਕ ਦੀ ਟਿਕਟ ਪੱਕੀ ਕੀਤੀ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕੋ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਮਹਿਲਾ ਅਤੇ ਪੁਰਸ਼ ਦੋਵਾਂ ਟੀਮਾਂ ਨੇ ਸੋਨ ਤਗਮਾ ਜਿੱਤਿਆ ਹੈ। ਪਿਛਲੇ ਮਹੀਨੇ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਅੱਠਵੇਂ ਸਥਾਨ 'ਤੇ ਰਹਿਣ ਤੋਂ ਬਾਅਦ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ।
ਕੈਪਟਨ ਹਰਮਨਪ੍ਰੀਤ (11ਵੇਂ ਅਤੇ 57ਵੇਂ ਮਿੰਟ), ਜੁਗਰਾਜ ਸਿੰਘ (23ਵੇਂ ਮਿੰਟ), ਹਾਰਦਿਕ ਸਿੰਘ (42ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (54ਵੇਂ ਮਿੰਟ) ਨੇ ਭਾਰਤ ਲਈ ਗੋਲ ਕੀਤੇ। ਮਲੇਸ਼ੀਆ ਲਈ ਇੱਕੋ-ਇੱਕ ਗੋਲ 14ਵੇਂ ਮਿੰਟ ਵਿੱਚ ਸ਼ੇਲੋ ਸਿਲਵੇਰੀਅਸ ਨੇ ਕੀਤਾ। ਹਰਮਨਪ੍ਰੀਤ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 12 ਗੋਲ ਕੀਤੇ। ਇਸ ਦੇ ਨਾਲ ਹੀ ਉਹ ਲਗਾਤਾਰ ਦੋ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਕੈਪਟਨ ਬਣ ਗਏ। ਭਾਰਤ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਤਿੰਨ ਏਸ਼ੀਆਈ ਖੇਡਾਂ ਵਿੱਚ ਖ਼ਿਤਾਬ ਜਿੱਤਣ ਵਾਲੇ ਇੱਕੋ-ਇੱਕ ਭਾਰਤੀ ਖਿਡਾਰੀ ਬਣ ਗਏ। ਉਹ 2014 ਅਤੇ 2022 ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਦਾ ਵੀ ਹਿੱਸਾ ਸਨ।
ਇਸ ਜਿੱਤ ਨਾਲ ਲਗਾਤਾਰ ਦੋ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਾਕਿਸਤਾਨ ਤੋਂ ਬਾਅਦ ਭਾਰਤ ਦੂਜਾ ਦੇਸ਼ ਬਣ ਗਿਆ। ਭਾਰਤ ਨੇ 1966, 1998, 2014 ਅਤੇ 2022 ਵਿੱਚ ਖ਼ਿਤਾਬ ਜਿੱਤਿਆ ਸੀ। ਪਹਿਲੇ ਹਾਫ਼ ਵਿੱਚ ਮਲੇਸ਼ੀਆਈ ਖਿਡਾਰੀਆਂ ਨੇ ਆਪਣੀ ਫੁਰਤੀ ਨਾਲ ਭਾਰਤੀਆਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਪਰ ਦੂਜੇ ਹਾਫ਼ ਵਿੱਚ ਭਾਰਤ ਦਾ ਪ੍ਰਦਰਸ਼ਨ ਬਿਹਤਰ ਰਿਹਾ। ਪਹਿਲੇ ਕਵਾਟਰ ਵਿੱਚ ਭਾਰਤੀਆਂ ਵਿੱਚ ਤਾਲਮੇਲ ਦੀ ਘਾਟ ਦਿਖੀ ਅਤੇ ਟ੍ਰੈਪਿੰਗ ਵੀ ਖ਼ਰਾਬ ਸੀ। ਸਰਕਲ ਦੇ ਅੰਦਰ ਵੀ ਚੰਗੇ ਪਾਸ ਨਹੀਂ ਦੇ ਪਾ ਰਹੇ ਸਨ।
ਭਾਰਤ ਨੂੰ ਛੇਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਵਿਵੇਕ ਸਾਗਰ ਪ੍ਰਸਾਦ ਦੀ ਰਿਵਰਸ ਹਿੱਟ ਗੋਲ ਦੇ ਉੱਪਰੋਂ ਲੰਘ ਗਈ। ਦੋ ਮਿੰਟ ਬਾਅਦ ਹਾਰਦਿਕ ਸਿੰਘ ਨੂੰ ਸਰਕਲ ਦੇ ਅੰਦਰ ਨੀਲਾਕਾਂਤਾ ਸ਼ਰਮਾ ਨੇ ਪਾਸ ਦਿੱਤਾ ਪਰ ਸ਼ਾਟ ਇੰਨਾ ਕਮਜ਼ੋਰ ਸੀ ਕਿ ਮਲੇਸ਼ੀਆ ਨੇ ਆਸਾਨੀ ਨਾਲ ਬਚਾਅ ਲਿਆ। ਭਾਰਤ ਨੂੰ 11ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਅਤੇ ਦੂਜੇ 'ਤੇ ਹਰਮਨਪ੍ਰੀਤ ਨੇ ਗੋਲ ਕੀਤਾ। ਗੋਲ ਗੁਆਉਣ ਤੋਂ ਬਾਅਦ ਮਲੇਸ਼ੀਆ ਨੇ ਜਵਾਬੀ ਹਮਲੇ ਕੀਤੇ ਅਤੇ ਫੈਜ਼ਲ ਸਾਰੀ ਭਾਰਤੀ ਸਰਕਲ ਵਿੱਚ ਕਈ ਵਾਰ ਦਾਖਲ ਹੋਏ। ਮਲੇਸ਼ੀਆ ਲਈ ਬਰਾਬਰੀ ਦਾ ਗੋਲ ਸ਼ੇਲੋ ਨੇ 14ਵੇਂ ਮਿੰਟ ਵਿੱਚ ਕੀਤਾ। ਹਵਾ ਵਿੱਚ ਆਈ ਗੇਂਦ ਨੂੰ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਨੇ ਦਮਦਾਰ ਸ਼ਾਟ ਸਿੱਧਾ ਗੋਲ ਦੇ ਅੰਦਰ ਨਿਸ਼ਾਨਾ ਲਗਾ ਕੇ ਸਾਧਿਆ ਜਿਸ ਨੂੰ ਗੋਲਕੀਪਰ ਸੂਰਜ ਕਰਕੇਰਾ ਰੋਕ ਨਹੀਂ ਸਕੇ।
ਦੂਜੇ ਕਵਾਟਰ ਵਿੱਚ ਮਲੇਸ਼ੀਆ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋ ਸਕਿਆ। ਵੀਡੀਓ ਰੈਫਰਲ 'ਤੇ ਮਲੇਸ਼ੀਆ ਨੂੰ ਫਿਰ ਪੈਨਲਟੀ ਕਾਰਨਰ ਦਿੱਤਾ ਗਿਆ ਅਤੇ ਫਿਰ ਵੀ ਉਹ ਨਾਕਾਮ ਰਹੇ। ਭਾਰਤ ਨੇ 23ਵੇਂ ਮਿੰਟ ਵਿੱਚ ਚੌਥੇ ਪੈਨਲਟੀ ਕਾਰਨਰ 'ਤੇ ਬੜ੍ਹਤ ਬਣਾ ਲਈ। ਹਰਮਨਪ੍ਰੀਤ ਮੈਦਾਨ ਤੋਂ ਬਾਹਰ ਸਨ ਅਤੇ ਜੁਗਰਾਜ ਨੇ ਇਹ ਗੋਲ ਕੀਤਾ। ਦੂਜੇ ਹਾਫ਼ ਵਿੱਚ ਭਾਰਤ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ 42ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਹਾਸਲ ਕੀਤਾ ਜਦੋਂ ਪੈਨਲਟੀ ਕਾਰਨਰ 'ਤੇ ਗੇਂਦ ਮਲੇਸ਼ੀਆਈ ਰਸ਼ਰ ਦੇ ਸਰੀਰ ਨਾਲ ਟਕਰਾਈ। ਹਾਰਦਿਕ ਨੇ ਇਸ ਨੂੰ ਗੋਲ ਵਿੱਚ ਬਦਲਿਆ। ਚੌਥਾ ਗੋਲ ਅਭਿਸ਼ੇਕ ਦੇ ਪਾਸ 'ਤੇ ਸ਼ਿਲਾਨੰਦ ਨੇ ਕੀਤਾ। ਹਰਮਨਪ੍ਰੀਤ ਨੇ ਹੂਟਰ ਤੋਂ ਤਿੰਨ ਮਿੰਟ ਪਹਿਲਾਂ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਦੀ 5-1 ਨਾਲ ਜਿੱਤ ਤੈਅ ਕਰ ਦਿੱਤੀ।