ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜਹਾਜ਼ ਹਾਦਸੇ ਨੂੰ ਰੋਕਣ ਲਈ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਦੀ ਸ਼ਲਾਘਾ ਕੀਤੀ ਹੈ। 'ਐਕਸ' (X) 'ਤੇ ਇੱਕ ਪੋਸਟ ਵਿੱਚ ਨੇਤਨਯਾਹੂ ਨੇ ਲਿਖਿਆ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ, ਮਛਾਰ ਨੇ ਹਮਲਾਵਰ ਦਾ ਸਾਹਮਣਾ ਕੀਤਾ। ਉਹ ਇੱਕ ਅਸਲੀ ਹੀਰੋ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੈਪਟਨ ਦੀ ਤਾਰੀਫ਼ ਕਰਦਿਆਂ ਪੋਸਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਮਛਾਰ ਇੱਕ ਨਾਇਕ ਹਨ ਅਤੇ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ। ਉਨ੍ਹਾਂ ਦੀ ਬਹਾਦਰੀ ਨੇ ਸੈਂਕੜੇ ਜਾਨਾਂ ਬਚਾਈਆਂ ਅਤੇ ਇੱਕ ਵੱਡੀ ਦੁਖਾਂਤਕ ਘਟਨਾ ਨੂੰ ਟਾਲ ਦਿੱਤਾ। ਬੁੱਧਵਾਰ ਨੂੰ, ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈ-ਦੁਬਈ ਦੀ ਉਡਾਣ FZ1073 ਦੌਰਾਨ, ਸਮਿਤ ਨਾਮਕ ਇੱਕ ਭਾਰਤੀ ਪਾਇਲਟ 'ਤੇ ਉਸ ਦੇ ਸਹਿ-ਪਾਇਲਟ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਖ਼ਮੀ ਹੋਣ ਦੇ ਬਾਵਜੂਦ, ਪਾਇਲਟ ਸਮਿਤ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ 174 ਲੋਕਾਂ ਦੀ ਜਾਨ ਬਚਾਈ।
ਇਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਪਾਇਲਟ ਦੀ ਬਹਾਦਰੀ ਨੇ ਇੱਕ ਵੱਡੀ ਘਟਨਾ ਨੂੰ ਟਾਲ ਦਿੱਤਾ। ਜੇਕਰ ਉਹ ਜਹਾਜ਼ ਨੂੰ ਬਚਾਉਣ ਵਿੱਚ ਸਫਲ ਨਾ ਹੁੰਦਾ, ਤਾਂ 2001 ਵਿਚ ਅਮਰੀਕਾ ਵਿਚ ਹੋਏ 9/11 ਦੇ ਹਮਲਿਆਂ ਵਰਗੀ ਘਟਨਾ ਵਾਪਰ ਸਕਦੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਭਾਰਤੀ ਪਾਇਲਟ ਸਮਿਤ ਮਛਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਣ ਦੇ ਬਾਵਜੂਦ, ਕੈਪਟਨ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਮਦਦ ਲਈ ਆਵਾਜ਼ ਦਿੱਤੀ। ਇਸ ਤੋਂ ਬਾਅਦ, ਇਕ ਯਾਤਰੀ ਵੀ ਕਾਕਪਿਟ ਤੱਕ ਪਹੁੰਚਿਆ।
ਟਰੰਪ ਦੇ ਅਨੁਸਾਰ, ਉਹ ਯਾਤਰੀ ਪੇਸ਼ੇ ਵਜੋਂ ਇੱਕ ਪਲੰਬਰ ਸੀ ਅਤੇ ਉਸ ਨੇ ਕਦੇ ਵੀ ਜਹਾਜ਼ ਨਹੀਂ ਉਡਾਇਆ ਸੀ। ਉਸ ਨੇ ਸਹਿ-ਪਾਇਲਟ ਨੂੰ ਉਸ ਦੀ ਸੀਟ ਤੋਂ ਪਿੱਛੇ ਖਿੱਚ ਲਿਆ। ਇਸ ਤੋਂ ਬਾਅਦ, ਬਾਕੀ ਯਾਤਰੀਆਂ ਨੇ ਮਿਲ ਕੇ ਉਸ ਨੂੰ ਕਾਬੂ ਕੀਤਾ।