ਆਗਰਾ ’ਚ ਚੋਣ ਕਮਿਸ਼ਨਰ ਦੇ ਘਰ ’ਤੇ ਕਾਂਗਰਸੀ ਵਰਕਰਾਂ ਨੇ ਮਲੀ ਕਾਲਖ |
ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੇਸ਼ ਦੇ 10 ਰਾਜਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਹਰਿਆਣਾ, ਛੱਤੀਸਗੜ੍ਹ, ਉੱਤਰਾਖੰਡ, ਗੁਜਰਾਤ, ਦਿੱਲੀ ਅਤੇ ਕੇਰਲ ਵਿੱਚ ਪ੍ਰਦਰਸ਼ਨ ਕੀਤਾ। ਯੂ.ਪੀ. ਦੇ ਆਗਰਾ ਵਿੱਚ ਕਾਂਗਰਸ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਘਰ 'ਤੇ ਕਾਲਖ ਮਲੀ ਅਤੇ ਲਿਖਿਆ ‘ਗਿਆਨੇਸ਼ ਕੁਮਾਰ ਗੱਦਾਰ, ਵੋਟ ਚੋਰ’। ਰਾਜਸਥਾਨ ਦੇ ਜੈਪੁਰ ਵਿੱਚ ਵਿਰੋਧ ਕਰ ਰਹੇ ਕਾਂਗਰਸ ਵਰਕਰਾਂ 'ਤੇ ਪੁਲਿਸ ਨੇ ਪਾਣੀ ਦੀਆਂ ਵਛਾੜਾਂ ਚਲਾਈ। ਇਸ ਵਿਰੋਧ ਵਿੱਚ ਸਾਬਕਾ ਸੀ.ਐੱਮ. ਅਸ਼ੋਕ ਗਹਿਲੋਤ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਵੀ ਸ਼ਾਮਲ ਸਨ।
ਕਾਂਗਰਸ ਪਾਰਟੀ ਦਾ ਦਾਅਵਾ ਹੈ ਕਿ ਵੋਟਰ ਲਿਸਟ ਦੀ ਐਸ.ਆਈ.ਆਰ. ਵਿੱਚ ਗੜਬੜੀਆਂ ਕੀਤੀਆਂ ਗਈਆਂ। ਕਾਂਗਰਸ ਦਾ ਦੋਸ਼ ਹੈ ਕਿ ਗਿਆਨੇਸ਼ ਕੁਮਾਰ ਚੋਣ ਕਮਿਸ਼ਨ ਵਿੱਚ ਮਨਮਾਨੀ ਕਰ ਰਹੇ ਹਨ ਅਤੇ ਦੋ ਹੋਰ ਕਮਿਸ਼ਨਰਾਂ ਦੀ ਗੱਲ ਨਹੀਂ ਸੁਣ ਰਹੇ। ਕਾਂਗਰਸ ਪਾਰਟੀ ਦਾ ਇਹ ਦੋਸ਼ ਮੀਡੀਆ ’ਚ ਆਈਆਂ ਖ਼ਬਰ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ 10 ਮਹੀਨਿਆਂ ਵਿੱਚ 14 ਵਾਰ ਦੋਵਾਂ ਚੋਣ ਕਮਿਸ਼ਨਰਾਂ ਨੇ ਕਮਿਸ਼ਨ ਦੇ ਫ਼ੈਸਲਿਆਂ 'ਤੇ ਇਤਰਾਜ਼ ਜਤਾਇਆ ਹੈ।