ਭਾਰਤ ਨੂੰ ਏਸ਼ੀਅਨ ਖੇਡਾਂ 2026 ਵਿੱਚ ਇੱਕ ਹੋਰ ਮੈਡਲ ਮਿਲ ਗਿਆ ਹੈ । ਔਰਤਾਂ ਦੀ 5000 ਮੀਟਰ ਦੌੜ ਵਿੱਚ ਭਾਰਤ ਦੀ ਪਾਰੁਲ ਚੌਧਰੀ ਨੇ ਤੀਜਾ ਸਥਾਨ ਪ੍ਰਾਪਤ ਕਰਦਿਆਂ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ । ਏਸ਼ੀਅਨ ਖੇਡਾਂ 2026 ਵਿੱਚ ਪਾਰੁਲ ਚੌਧਰੀ ਦਾ ਇਹ ਦੂਜਾ ਕਾਂਸੀ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 3000 ਮੀਟਰ ਸਟੀਪਲਚੇਜ਼ ਦੌੜ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ । ਇਸ ਦੌੜ ਵਿੱਚ ਬਹਿਰੀਨ ਦੀ ਵਿਨਫ੍ਰੇਡ ਯਾਵੀ ਨੇ ਸੋਨੇ ਦਾ ਤਗ਼ਮਾ ਜਿੱਤਿਆ, ਜਦਕਿ ਜਾਪਾਨ ਦੀ ਨੋਜੋਮੀ ਤਨਾਕਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਉੱਥੇ ਹੀ ਭਾਰਤ ਦੀ ਇੱਕ ਹੋਰ ਅਥਲੀਟ ਸੀਮਾ ਛੇਵੇਂ ਸਥਾਨ 'ਤੇ ਰਹੀ।
ਇਸੇ ਤਰ੍ਹਾਂ ਪੁਰਸ਼ਾਂ ਦੇ ਨੇਜ਼ਾ ਸੁੱਟਣ (ਜੈਵਲਿਨ ਥ੍ਰੋ) ਮੁਕਾਬਲੇ ਵਿੱਚ ਭਾਰਤ ਨੇ ਦੋ ਤਗ਼ਮੇ ਆਪਣੇ ਨਾਂ ਕੀਤੇ। ਯਸ਼ਵੀਰ ਸਿੰਘ ਨੇ ਅਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਰੋਹਿਤ ਯਾਦਵ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ । ਸ਼੍ਰੀਲੰਕਾ ਦੇ ਰੁਮੇਸ਼ ਪਥੀਰਾਗੇ ਨੇ 88.55 ਮੀਟਰ ਦੇ ਸ਼ਾਨਦਾਰ ਥ੍ਰੋ ਨਾਲ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ।
ਯਸ਼ਵੀਰ ਸਿੰਘ ਨੇ ਆਪਣੇ ਆਖਰੀ ਯਤਨ ਵਿੱਚ 85.72 ਮੀਟਰ ਦਾ ਥ੍ਰੋ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਰਿਹਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਿੱਜੀ ਸਰਵੋਤਮ 85.14 ਮੀਟਰ ਸੀ। ਹਾਲਾਂਕਿ, ਯਸ਼ਵੀਰ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਰੁਮੇਸ਼ ਪਥੀਰਾਗੇ ਦੇ 88.55 ਮੀਟਰ ਦੇ ਥ੍ਰੋ ਨੂੰ ਪਿੱਛੇ ਛੱਡਣ ਲਈ ਕਾਫ਼ੀ ਨਹੀਂ ਸੀ। ਰੁਮੇਸ਼ ਨੇ ਆਪਣੇ ਅੰਤਿਮ ਯਤਨ ਵਿੱਚ 88.55 ਮੀਟਰ ਦੀ ਦੂਰੀ ਤੈਅ ਕਰਕੇ ਸੋਨੇ ਦੇ ਤਗ਼ਮੇ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ।