ਕਰਣਵੀਰ ਸ਼ਰਮਾ ਖ਼ਿਲਾਫ਼ 2020 ’ਚ ਮਾਮਲਾ ਹੋਇਆ ਸੀ ਦਰਜ |
ਲੁਧਿਆਣਾ ਵਿੱਚ ਪੁਲਿਸ ਨੇ ਇੱਕ ਫਰਜ਼ੀ ਡੀ.ਐੱਸ.ਪੀ. ਨੂੰ ਔਰਤ ਨਾਲ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਔਰਤ ਨੂੰ ਝਾਂਸੇ ਵਿੱਚ ਲਿਆ ਸੀ। ਇਸੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ 2020 ਵਿੱਚ ਰੇਪ ਦੀ ਐੱਫ.ਆਈ.ਆਰ. ਦਰਜ ਹੋਈ ਸੀ। ਲੰਬੇ ਸਮੇਂ ਤੱਕ ਅਦਾਲਤ ਵਿੱਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰਕੇ ਪੁਰਾਣੇ ਮਾਮਲਿਆਂ ਅਤੇ ਉਸ ਦੀ ਫਰਜ਼ੀ ਪਛਾਣ ਨਾਲ ਜੁੜੀ ਜਾਣਕਾਰੀ ਇਕੱਠੀ ਕਰ ਰਹੀ ਹੈ । ਦੋਸ਼ੀ ਦੀ ਪਛਾਣ ਕਰਣਵੀਰ ਸ਼ਰਮਾ ਦੇ ਰੂਪ ਵਿੱਚ ਹੋਈ ਹੈ। ਉਹ ਖੰਨਾ ਦੇ ਪਿੰਡ ਕੱਦੋਂ ਦਾ ਰਹਿਣ ਵਾਲਾ ਹੈ।
ਕਰਣਵੀਰ ਦਾ ਨਾਮ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਹੋਰ ਮਾਮਲੇ ਵਿੱਚ ਵੀ ਆ ਚੁੱਕਾ ਹੈ। ਸ੍ਰੀਨਗਰ ਪੁਲਿਸ ਨੇ ਉਸ ਨੂੰ ਇੱਕ ਨੌਜਵਾਨ ਨਾਲ ਵਰਦੀ ਵਿੱਚ ਨਹਿਰੂ ਪਾਰਕ ਇਲਾਕੇ ਵਿੱਚ ਘੁੰਮਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਦੋਹਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਪੁੱਛਗਿੱਛ ਦੌਰਾਨ ਜਦੋਂ ਉਹਨਾਂ ਤੋਂ ਪਛਾਣ ਅਤੇ ਦਸਤਾਵੇਜ਼ ਮੰਗੇ ਗਏ ਤਾਂ ਉਨ੍ਹਾਂ ਦੀ ਪੁਲਿਸ ਅਧਿਕਾਰੀ ਹੋਣ ਦੀ ਪਛਾਣ ਸ਼ੱਕੀ ਪਾਈ ਗਈ। ਇਸ ਤੋਂ ਬਾਅਦ ਜਾਂਚ ਵਿੱਚ ਕਰਣਵੀਰ ਦੇ ਫਰਜ਼ੀ ਡੀ.ਐੱਸ.ਪੀ. ਬਣਨ ਦੀ ਗੱਲ ਸਾਹਮਣੇ ਆਈ ਸੀ। ਉਸ ਦੇ ਨਾਲ ਮੌਜੂਦ ਨੌਜਵਾਨ 'ਤੇ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ।
ਕਰਣਵੀਰ ਦੇ ਖ਼ਿਲਾਫ਼ ਦੋਰਾਹਾ ਥਾਣਾ ਖੇਤਰ ਵਿੱਚ ਵੀ ਇੱਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋਸ਼ ਸੀ ਕਿ ਉਸ ਨੇ ਖ਼ੁਦ ਨੂੰ ਧਮਕੀ ਦਿਵਾ ਕੇ ਪੁਲਿਸ ਤੋਂ ਸੁਰੱਖਿਆ ਅਤੇ ਗੰਨਮੈਨ ਲੈਣ ਦਾ ਯਤਨ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਪੜਤਾਲ ਕੀਤੀ ਸੀ।
ਕਰਣਵੀਰ ਦਾ ਸਬੰਧ ਕਬੱਡੀ ਨਾਲ ਜੁੜੇ ਇੱਕ ਚਰਚਿਤ ਪਰਿਵਾਰ ਨਾਲ ਹੈ ਅਤੇ ਉਹ ਖ਼ੁਦ ਵੀ ਖਿਡਾਰੀ ਰਹਿ ਚੁੱਕਾ ਹੈ। ਹੁਣ ਪੁਰਾਣੇ ਜਬਰ-ਜ਼ਨਾਹ ਮਾਮਲੇ ਵਿੱਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਫਰਜ਼ੀ ਡੀ.ਐੱਸ.ਪੀ. ਬਣ ਕੇ ਘੁੰਮਣ, ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਹੋਰ ਮਾਮਲਿਆਂ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ ਵੀ ਜਾਂਚ ਅੱਗੇ ਵਧਾ ਰਹੀ ਹੈ।