ਦੱਖਣੀ ਅਫਰੀਕਾ ਵਿੱਚ ਇੱਕ ਘਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ, ਤਿੰਨ ਜ਼ਖ਼ਮੀ- ਪੁਲਿਸ |




ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। 


ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਦੱਖਣੀ ਅਫਰੀਕਾ ਵਿੱਚ ਇੱਕ ਘਰੇਲੂ ਪਾਰਟੀ ਦੌਰਾਨ ਤਿੰਨ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਘੱਟੋ-ਘੱਟ 11 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਵਿੱਚ ਇੱਕ ਅਜਿਹੀ ਔਰਤ ਵੀ ਸ਼ਾਮਲ ਸੀ ਜੋ ਗਰਭਵਤੀ ਜਾਪਦੀ ਸੀ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ।

ਬਿਆਨ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ ਨੂੰ ਪੂਰਬੀ ਤੱਟ 'ਤੇ ਸਥਿਤ ਡਰਬਨ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੱਖਣ ਵੱਲ ਪੈਂਦੇ ਕਵਾਮਾਖੁਥਾ (KwaMakhutha) ਇਲਾਕੇ ਵਿੱਚ ਵਾਪਰੀ।

ਪੁਲਿਸ ਨੇ ਦੱਸਿਆ ਕਿ ਲੋਕ ਘਰ ਵਿੱਚ ਇੱਕ ਪਾਰਟੀ ਲਈ ਇਕੱਠੇ ਹੋਏ ਸਨ ਜਦੋਂ ਸ਼ੱਕੀ ਵਿਅਕਤੀ ਉੱਥੇ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ।ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।