ਭਾਰਤੀ ਸਾਈਕਲਿੰਗ ਟੀਮ ਦੇ ਵਿਦੇਸ਼ੀ ਕੋਚ 'ਤੇ ਨਾਬਾਲਗ ਸਾਈਕਲਿਸਟ ਨਾਲ ਜਬਰ-ਜਨਾਹ ਦੇ ਦੋਸ਼ |




ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿੱਚ POCSO ਐਕਟ ਤਹਿਤ ਮਾਮਲਾ ਦਰਜ |

ਭਾਰਤੀ ਸਾਈਕਲਿੰਗ ਟੀਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਤਮਗੇ ਦਿਵਾਉਣ ਲਈ ਨਿਯੁਕਤ ਕੀਤੇ ਗਏ ਵਿਦੇਸ਼ੀ ਕੋਚ 'ਤੇ ਪਟਿਆਲਾ ਸਥਿਤ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਵਿੱਚ ਸਿਖਲਾਈ ਲੈ ਰਹੀ ਇੱਕ ਨਾਬਾਲਗ ਸਾਈਕਲਿਸਟ ਨੇ ਜ਼ਬਰ-ਜਨਾਹ ਦੇ ਦੋਸ਼ ਲਗਾਏ ਹਨ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ, ਪਟਿਆਲਾ ਪੁਲਿਸ ਨੇ 18 ਸਤੰਬਰ ਨੂੰ POCSO ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਮੈਕਸਾਟ ਅਜਾਏਬਾਏਵ (34) ਨਾਮਕ ਵਿਦੇਸ਼ੀ ਕੋਚ ਨੇ ਭਾਰਤੀ ਸਾਈਕਲਿੰਗ ਟੀਮ ਦੇ ਨਾਲ ਏਸ਼ੀਆਈ ਖੇਡਾਂ ਲਈ ਜਾਪਾਨ ਜਾਣਾ ਸੀ। ਇਸੇ ਦੌਰਾਨ ਨਾਬਾਲਗ ਸਾਈਕਲਿਸਟ ਵੱਲੋਂ ਕੋਚ ਖ਼ਿਲਾਫ਼ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਕੋਚ ਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੋਚ ਸ਼ੁੱਕਰਵਾਰ ਤੋਂ ਲਾਪਤਾ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਮੁਲਜ਼ਮ ਵਿਦੇਸ਼ੀ ਕੋਚ ਨੂੰ ਨਿਲੰਬਿਤ ਕਰ ਦਿੱਤਾ ਹੈ। ਮਾਮਲੇ ਨੂੰ ਜਾਂਚ ਲਈ ਫੈਡਰੇਸ਼ਨ ਦੀ ਇੰਟਰਨਲ ਕੰਪਲੇਂਟ ਕਮੇਟੀ (ICC) ਕੋਲ ਵੀ ਭੇਜਿਆ ਗਿਆ ਹੈ। ਦੱਸਿਆ ਗਿਆ ਹੈ ਕਿ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿੱਚ ਸਹਾਇਤਾ ਕਰਨ ਲਈ ਫੈਡਰੇਸ਼ਨ ਵੱਲੋਂ ਇੱਕ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਥਾਣਾ ਸਿਵਲ ਲਾਈਨ, ਪਟਿਆਲਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਕੋਚ ਦੀ ਭਾਲ ਕੀਤੀ ਜਾ ਰਹੀ ਹੈ। ਨਾਬਾਲਗ ਖਿਡਾਰਨ ਦੀ ਪਛਾਣ ਕਾਨੂੰਨ ਤਹਿਤ ਜਨਤਕ ਨਹੀਂ ਕੀਤੀ ਜਾ ਰਹੀ। ਪੁਲਿਸ ਜਾਂਚ ਅਤੇ ਇੰਟਰਨਲ ਕੰਪਲੇਂਟ ਕਮੇਟੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਸਪੱਸ਼ਟ ਹੋ ਸਕਣਗੇ। ਮੁਲਜ਼ਮ 'ਤੇ ਲੱਗੇ ਦੋਸ਼ਾਂ ਦੀ ਪੁਸ਼ਟੀ ਜਾਂਚ ਅਤੇ ਨਿਆਂਇਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।