ਡੀ.ਐਸ.ਪੀ. ਸਣੇ 4 ਅਧਿਕਾਰੀਆਂ ਦਾ ਤਬਾਦਲਾ, ਡੀ.ਜੀ.ਪੀ. ਨੇ ਹਾਈ ਕੋਰਟ ਅੱਗੇ ਰੱਖੀ ਘਟਨਾ ਦੀ ਪੂਰੀ ਕਹਾਣੀ |
ਪੰਜਾਬ ਦੇ ਮੁੱਖ ਮੰਤਰੀ ਦੇ ਸੁਨਾਮ ਨੇੜਲੇ ਪਿੰਡ ਸ਼ੇਰੋਂ ਵਿਖੇ ਹੋਏ ਪ੍ਰੋਗਰਾਮ ਦੌਰਾਨ ਕਾਲਾ ਝੰਡਾ ਦਿਖਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ 'ਤੇ ਹਿਰਾਸਤ ਦੌਰਾਨ ਹੋਏ ਕਥਿਤ ਤਸ਼ੱਦਦ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਸਥਾਰਤ ਹਲਫ਼ਨਾਮਾ ਦਾਇਰ ਕੀਤਾ ਗਿਆ ਹੈ। ਪੀੜਤ ਦੇ ਪਿਤਾ ਗੁਰਮੇਲ ਸਿੰਘ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਕਾਰਵਾਈ ਨੂੰ ਲੈ ਕੇ ਜਵਾਬ ਤਲਬ ਕੀਤਾ ਸੀ। ਪਟੀਸ਼ਨਰ ਵੱਲੋਂ ਮਾਮਲੇ ਦੀ ਜਾਂਚ ਸੀ.ਬੀ.ਆਈ. ਜਾਂ ਅਦਾਲਤ ਦੀ ਨਿਗਰਾਨੀ ਹੇਠਲੀ ਵਿਸ਼ੇਸ਼ ਜਾਂਚ ਟੀਮ ਤੋਂ ਕਰਵਾਉਣ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਅਹਿਮ ਸੁਣਵਾਈ 23 ਸਤੰਬਰ ਨੂੰ ਹੋਣੀ ਹੈ।
ਪੁਲਿਸ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ 2 ਸਤੰਬਰ ਨੂੰ 'ਲੋਕ ਮਿਲਣੀ' ਪ੍ਰੋਗਰਾਮ ਦੌਰਾਨ ਸਟੇਜ ਦੇ ਪਿੱਛੇ ਸਥਿਤ ਇੱਕ ਮਕਾਨ ਤੋਂ ਕਾਲਾ ਕੱਪੜਾ ਲਹਿਰਾਉਣ ਅਤੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਮੋਹਨਜੀਤ ਸਿੰਘ ਅਤੇ ਉਸਦੇ ਸਾਥੀ ਨੂੰ ਅਮਨ-ਕਾਨੂੰਨ ਬਣਾਈ ਰੱਖਣ ਲਈ ਹਿਰਾਸਤ ਵਿੱਚ ਲਿਆ ਗਿਆ ਸੀ। ਉਸਦੇ ਸਾਥੀ ਨੂੰ ਕਾਊਂਸਲਿੰਗ ਉਪਰੰਤ ਛੱਡ ਦਿੱਤਾ ਗਿਆ, ਜਦਕਿ ਮੋਹਨਜੀਤ ਸਿੰਘ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 126/170 ਤਹਿਤ ਰੋਕਥਾਮ ਕਾਰਵਾਈ ਕਰਕੇ ਥਾਣਾ ਚੀਮਾ ਦੇ ਲਾਕਅੱਪ ਵਿੱਚ ਰੱਖਿਆ ਗਿਆ। 3 ਸਤੰਬਰ ਨੂੰ ਉਸਨੂੰ ਕਾਰਜਕਾਰੀ ਮੈਜਿਸਟ੍ਰੇਟ ਸੁਨਾਮ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਨਿੱਜੀ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਅਨੁਸਾਰ 3 ਸਤੰਬਰ ਨੂੰ ਕਾਰਜਕਾਰੀ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਸੁਨਾਮ ਵਿਖੇ ਮੋਹਨਜੀਤ ਸਿੰਘ ਦਾ ਮੈਡੀਕਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰ ਨੇ ਸਰੀਰ 'ਤੇ ਕਿਸੇ ਤਾਜ਼ਾ ਸੱਟ ਦੀ ਪੁਸ਼ਟੀ ਨਹੀਂ ਕੀਤੀ ।
ਪੁਲੀਸ ਮੁਤਾਬਿਕ ਸ਼ੱਕ ਦੇ ਆਧਾਰ 'ਤੇ ਕਰਵਾਇਆ ਗਿਆ ਡੋਪ ਟੈਸਟ ਦੋ ਵਾਰ "ਮਾਰਫੀਨ ਪਾਜ਼ੇਟਿਵ" ਆਇਆ। 3 ਸਤੰਬਰ ਦੀ ਸ਼ਾਮ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਜਾਰੀ ਐਮ.ਐਲ.ਆਰ. ਵਿੱਚ 10 ਸੱਟਾਂ ਦਰਜ ਕੀਤੀਆਂ ਗਈਆਂ, ਪ੍ਰੰਤੂ ਡਾਕਟਰ ਨੇ ਸੱਟਾਂ ਦਾ ਸਮਾਂ 2 ਤੋਂ 6 ਘੰਟੇ ਪਹਿਲਾਂ ਦਾ ਦੱਸਿਆ ਹੈ। ਪੁਲਿਸ ਨੇ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਹੈ ਕਿ ਕਥਿਤ ਤਸ਼ੱਦਦ ਦਾ ਸਮਾਂ 2 ਸਤੰਬਰ ਦੀ ਸ਼ਾਮ ਦਾ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸੱਟਾਂ ਦੇ ਸਮੇਂ ਵਿੱਚ ਵੱਡਾ ਅੰਤਰ ਹੈ।
ਇਸ ਤੋਂ ਇਲਾਵਾ ਡਾਕਟਰੀ ਰਿਪੋਰਟ ਵਿੱਚ ਸੱਟਾਂ ਦੇ ਖੁਦ ਲਗਾਏ ਜਾਣ ਜਾਂ ਦੋਸਤਾਨਾ ਢੰਗ ਨਾਲ ਲੱਗਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ।
ਜਵਾਬ ਵਿੱਚ ਇਹ ਵੀ ਕਿਹਾ ਗਿਆ ਹੈ ਕੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਮਾਮਲੇ ਵਿੱਚ ਨਾਮਜ਼ਦ 4 ਪੁਲਿਸ ਅਧਿਕਾਰੀਆਂ ਤਤਕਾਲੀ ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਤਤਕਾਲੀ ਐਸ.ਐਚ.ਓ. ਸਿਟੀ ਸੁਨਾਮ ਪ੍ਰਤੀਕ ਜਿੰਦਲ, ਤਤਕਾਲੀ ਐਸ.ਐਚ.ਓ. ਚੀਮਾ ਬਲਜੀਤ ਸਿੰਘ ਅਤੇ ਚੌਕੀ ਇੰਚਾਰਜ ਅਨਾਜ ਮੰਡੀ ਹਰਪ੍ਰੀਤ ਸਿੰਘ ਦਾ ਪ੍ਰਬੰਧਕੀ ਆਧਾਰ 'ਤੇ ਤਬਾਦਲਾ ਕਰ ਦਿੱਤਾ ਗਿਆ ਹੈ।
ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ (ਪੰਜਾਬ) ਵੱਲੋਂ ਮਾਮਲੇ ਦੀ ਪੜਤਾਲ ਲਈ ਐਸ.ਪੀ. ਸਿਟੀ ਮੋਹਾਲੀ ਦਿਲਪ੍ਰੀਤ ਸਿੰਘ (ਆਈ.ਪੀ.ਐਸ.), ਐਸ.ਪੀ. (ਇਨਵੈਸਟੀਗੇਸ਼ਨ) ਰੋਪੜ ਪਲਵਿੰਦਰ ਸਿੰਘ ਚੀਮਾ (ਪੀ.ਪੀ.ਐਸ.), ਅਤੇ ਏ.ਐਸ.ਪੀ. ਜ਼ੀਰਕਪੁਰ ਸ਼੍ਰੀਮਤੀ ਗਜ਼ਲਪ੍ਰੀਤ ਕੌਰ (ਆਈ.ਪੀ.ਐਸ.) ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਤੱਥ-ਖੋਜ ਕਮੇਟੀ ਬਣਾਈ ਗਈ ਹੈ।
ਪੁਲਿਸ ਨੇ ਅਦਾਲਤ ਨੂੰ ਜਾਣੂ ਕਰਵਾਇਆ ਹੈ ਕਿ ਸਿਵਲ ਹਸਪਤਾਲ ਸੁਨਾਮ, ਸੰਗਰੂਰ ਅਤੇ ਸੰਬੰਧਿਤ ਪੁਲਿਸ ਥਾਣਿਆਂ ਦੀ ਸੀਸੀਟੀਵੀ ਫੁਟੇਜ, ਡੀ.ਡੀ.ਆਰ. ਇੰਦਰਾਜ ਅਤੇ ਪੁਲਿਸ ਮੁਲਾਜ਼ਮਾਂ ਦਾ ਇਲੈਕਟ੍ਰਾਨਿਕ ਡਾਟਾ ਕਾਨੂੰਨੀ ਪ੍ਰਕਿਰਿਆ ਤਹਿਤ ਸੁਰੱਖਿਅਤ ਕਰਕੇ ਜਾਂਚ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨਾਲ ਬਦਸਲੂਕੀ ਦੇ ਦੋਸ਼ਾਂ ਸੰਬੰਧੀ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਅਜਿਹੀ ਕਿਸੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਗਈ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਇਸ ਮਾਮਲੇ ਦਾ ਨੋਟਿਸ ਲਿਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐਸ.ਐਸ.ਪੀ. ਸੰਗਰੂਰ ਵੱਲੋਂ ਕਾਰਵਾਈ ਰਿਪੋਰਟ ਭੇਜੀ ਗਈ ਹੈ। ਹਾਈ ਕੋਰਟ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਸਰਕਾਰ ਦੇ ਜਵਾਬ ਅਤੇ ਪਟੀਸ਼ਨਰ ਦੀਆਂ ਦਲੀਲਾਂ ਦੀ ਸਮੀਖਿਆ ਕੀਤੀ ਜਾਵੇਗੀ।