ਮਾਮਲੇ ਦੀ ਸੁਣਵਾਈ 13 ਅਕਤੂਬਰ ਤਕ ਮੁਲਤਵੀ |
ਦਿੱਲੀ ਸਰਕਾਰ ਨੇ ਬੇਅੰਤ ਸਿੰਘ ਕਤਲ ਕੇਸ ਵਿਚ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਦੀ ਪਟੀਸ਼ਨ ਦਾ ਸੁਪਰੀਮ ਕੋਰਟ ਵਿਚ ਵਿਰੋਧ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿਤਾ ਹੈ।
ਦਿੱਲੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਐਮ ਐਮ ਸੁੰਦਰੇਸ਼ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਇਹ ਅਜਿਹਾ ਮਾਮਲਾ ਹੈ ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਦਾ ਦੋਸ਼ੀ ਵਿਅਕਤੀ ਪੰਜਾਬ ਦੀ ਜੇਲ ਵਿਚ ਵਾਪਸ ਜਾਣਾ ਚਾਹੁੰਦਾ ਹੈ।
ਇਹ ਦਸਦੇ ਹੋਏ ਕਿ ਉਹ ਪਹਿਲਾਂ ਵੀ ਜੇਲ ਵਿਚੋਂ ਫ਼ਰਾਰ ਹੋ ਚੁੱਕਾ ਸੀ, ਮਹਿਤਾ ਨੇ ਕਿਹਾ ਕਿ ਐਨਸੀਟੀ (ਦਿੱਲੀ ਸਰਕਾਰ) ਦੋਸ਼ੀ ਨੂੰ ਦੁਬਾਰਾ ਸੂਬੇ (ਪੰਜਾਬ) ਵਿਚ ਭੇਜੇ ਜਾਣ ਵਿਰੁਧ ਹੈ। ਉਨ੍ਹਾਂ ਬੈਂਚ ਨੂੰ ਦਸਿਆ ਕਿ ਐਨਸੀਟੀ ਸਰਕਾਰ ਇਹ ਤਰਜੀਹ ਦੇਵੇਗੀ ਕਿ ਹਵਾਰਾ ਤਿਹਾੜ ਜੇਲ ਵਿਚ ਹੀ ਬੰਦ ਰਹੇ ਉਥੇ ਹੀ ਸ਼ੁਰੂਆਤ ਵਿਚ, ਇਕ ਵਕੀਲ ਨੇ ਕੇਸ ਦੀ ਸੁਣਵਾਈ ਲਈ ਥੋੜ੍ਹਾ ਸਮਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਹਵਾਰਾ ਵਲੋਂ ਪੇਸ਼ ਹੋ ਰਹੇ ਸੀਨੀਅਰ ਵਕੀਲ ਕੋਲਿਨ ਗੋਂਜ਼ਾਲਵਿਸ ਅਜੇ ਕਿਸੇ ਹੋਰ ਅਦਾਲਤ ਵਿਚ ਰੁਝੇ ਹੋਏ ਹਨ। ਦੂਜੇ ਪਾਸੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਵਲੋਂ ਵੀ ਮਾਮਲੇ ਨੂੰ ਕਿਸੇ ਹੋਰ ਦਿਨ ਵਿਚਾਰਨ ਦੀ ਅਪੀਲ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਤੈਅ ਕਰ ਦਿਤੀ ਹੈ।