ਸੂਬੇ ਭਰ ’ਚ ਪਾਣੀ ’ਤੇ ਤੈਰਨ ਵਾਲੇ ਲੱਗਣਗੇ ਸੋਲਰ ਪੈਨਲ |
ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਪੰਜਾਬ ਦੇ ਰਾਜਪਾਲ ਵੱਲੋਂ ਜਾਰੀ ਹੁਕਮਾਂ ਤਹਿਤ ਜਲ ਸਰੋਤ ਵਿਭਾਗ ਨੂੰ ਸੂਬੇ ਵਿੱਚ ਫਲੋਟਿੰਗ ਸੋਲਰ ਫੋਟੋਵੋਲਟੇਇਕ ਪ੍ਰੋਜੈਕਟਾਂ ਦੇ ਵਿਕਾਸ ਅਤੇ ਤਾਲਮੇਲ ਲਈ 'ਨੋਡਲ ਵਿਭਾਗ' ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਗਜ਼ਟ ਵਿੱਚ ਜਾਰੀ ਨੋਟੀਫਿਕੇਸ਼ਨ (ਨੰਬਰ E1202384PJ3/215) ਅਨੁਸਾਰ ਇਹ ਫੈਸਲਾ ਕੇਂਦਰ ਸਰਕਾਰ ਦੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ 'ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ' ਤਹਿਤ ਲਿਆ ਗਿਆ ਹੈ।
ਜਲ ਸਰੋਤ ਵਿਭਾਗ ਹੁਣ ਪੰਜਾਬ ਭਰ ਵਿੱਚ ਪਾਣੀ ਦੀਆਂ ਸਤਹਾਂ (ਜਿਵੇਂ ਨਹਿਰਾਂ, ਝੀਲਾਂ ਅਤੇ ਜਲ ਭੰਡਾਰਾਂ) 'ਤੇ ਤੈਰਨ ਵਾਲੇ ਸੋਲਰ ਪੈਨਲ ਲਗਾਉਣ, ਪ੍ਰੋਜੈਕਟਾਂ ਨੂੰ ਸਹੂਲਤਜਨਕ ਬਣਾਉਣ ਅਤੇ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਦਾ ਕੰਮ ਸੰਭਾਲੇਗਾ। ਇਹ ਹੁਕਮ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ, ਆਈ.ਏ.ਐਸ. ਕ੍ਰਿਸ਼ਨ ਕੁਮਾਰ ਵੱਲੋਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ। ਇਸ ਪਹਿਲਕਦਮੀ ਨਾਲ ਪੰਜਾਬ ਵਿੱਚ ਜ਼ਮੀਨ ਐਕਵਾਇਰ ਕੀਤੇ ਬਿਨਾਂ ਪਾਣੀ ਦੇ ਭੰਡਾਰਾਂ ਦੀ ਖਾਲੀ ਸਤਹ ਦੀ ਵਰਤੋਂ ਕਰਕੇ ਸਾਫ਼ ਅਤੇ ਹਰੀ ਊਰਜਾ ਪੈਦਾ ਕਰਨ ਦੇ ਵੱਡੇ ਮੌਕੇ ਪੈਦਾ ਹੋਣਗੇ।