ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਵਿਰੋਧ ਕਰਵਾਇਆ ਦਰਜ |
ਪਾਕਿਸਤਾਨੀ ਸਮੁੰਦਰੀ ਫੌਜ ਦਾ ਇੱਕ ਜਹਾਜ਼ ਅਰਬ ਸਾਗਰ ਦੇ ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਜਹਾਜ਼ ਨਾਲ ਟਕਰਾ ਗਿਆ। ਘਟਨਾ ਕਦੋਂ ਦੀ ਹੈ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 2011 ਵਿੱਚ ਵੀ ਦੋਵਾਂ ਦੇਸ਼ਾਂ ਦੇ ਜਹਾਜ਼ਾਂ ਵਿਚਾਲੇ ਟੱਕਰ ਹੋਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤੀ ਯੁੱਧਪੋਤ ਨਿਯਮਤ ਨਿਗਰਾਨੀ ਮਿਸ਼ਨ 'ਤੇ ਸੀ । ਇਸੇ ਦੌਰਾਨ ਪਾਕਿਸਤਾਨੀ ਜਹਾਜ਼ ਤੇਜ਼ ਰਫ਼ਤਾਰ ਨਾਲ ਆਇਆ ਅਤੇ ਗਲਤ ਦਿਸ਼ਾ ਵਿੱਚ ਮੁੜ ਗਿਆ, ਜਿਸ ਨਾਲ ਦੋਵੇਂ ਜਹਾਜ਼ ਟਕਰਾ ਗਏ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਕਿਸਤਾਨੀ ਜਹਾਜ਼ ਦਾ ਨਾਂ ਪੀ.ਐਨ.ਐਸ. ਹੁਨੈਨ ਹੈ। ਇਸ ਦੀ ਵਰਤੋਂ ਸਮੁੰਦਰੀ ਨਿਗਰਾਨੀ ਅਤੇ ਗਸ਼ਤ ਲਈ ਕੀਤੀ ਜਾਂਦੀ ਹੈ। ਟੱਕਰ ਵਿੱਚ ਇਸ ਨੂੰ ਨੁਕਸਾਨ ਪਹੁੰਚਿਆ ਹੈ। ਜਦਕਿ ਭਾਰਤੀ ਸਮੁੰਦਰੀ ਫੌਜ ਦੇ ਜਿਸ ਜਹਾਜ਼ ਨਾਲ ਇਸ ਦੀ ਟੱਕਰ ਹੋਈ, ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਤੋਂ ਬਾਅਦ ਭਾਰਤ ਨੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ'ਅਫੇਅਰਜ਼ ਨੂੰ ਤਲਬ ਕੀਤਾ ਅਤੇ ਸਖ਼ਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਇਸ ਘਟਨਾ ਨੂੰ ਅਸਵੀਕਾਰਨਯੋਗ ਅਤੇ ਗੈਰ-ਪੇਸ਼ੇਵਰ ਦੱਸਿਆ।