'ਮੈਂ ਕਿਸੇ ਦਾ ਘਰ ਨਹੀਂ ਉਜਾੜਿਆ', ਪਰਮੀਸ਼ ਵਰਮਾ ਨਾਲ ਰਿਸ਼ਤੇ ਦੀਆਂ ਗੱਲਾਂ ਵਿਚਾਲੇ ਹਰਮਨ ਬਰਾੜ ਨੇ ਪਾਈ ਪੋਸਟ |




'ਜਿਸ ਵਿਅਕਤੀ ਨੂੰ ਮੈਂ ਚੁਣਿਆ, ਉਹ ਕਾਨੂੰਨੀ ਤੌਰ 'ਤੇ ਪਹਿਲਾਂ ਹੀ ਵੱਖ ਹੋ ਚੁੱਕਿਆ' |

ਪੰਜਾਬੀ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਹਾਲ ਹੀ ਵਿੱਚ ਪਰਮੀਸ਼ ਵਰਮਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਨਲਾਈਨ ਟ੍ਰੋਲਿੰਗ ਅਤੇ ਆਲੋਚਨਾ ਦੇ ਵਿਚਕਾਰ, ਹੁਣ ਹਰਮਨ ਨੇ ਆਪਣੀ ਚੁੱਪੀ ਤੋੜੀ ਹੈ। ਟ੍ਰੋਲ ਪੇਜਾਂ ਅਤੇ ਮੀਮ ਬਣਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ, ਉਸਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਉਸ ਨੂੰ 'ਘਰ ਤੋੜਨ ਵਾਲੀ' (homewrecker) ਕਿਹਾ ਜਾ ਰਿਹਾ ਸੀ।

ਹਰਮਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਖੁੱਲ੍ਹਾ ਅਤੇ ਪਾਰਦਰਸ਼ੀ ਰਿਹਾ ਹੈ। ਉਸ ਨੇ ਦੱਸਿਆ ਕਿ ਜਿਸ ਸਾਥੀ ਨੂੰ ਉਸ ਨੇ ਚੁਣਿਆ, ਉਹ ਇਸ ਰਿਸ਼ਤੇ ਵਿੱਚ ਆਉਣ ਤੋਂ ਪਹਿਲਾਂ ਹੀ ਕਾਨੂੰਨੀ ਤੌਰ 'ਤੇ ਵੱਖ ਹੋ ਚੁੱਕਿਆ ਸੀ। ਹਾਲਾਂਕਿ, ਉਸ ਨੇ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਿਸ ਨਾਲ ਉਹ ਰਿਸ਼ਤੇ ਵਿੱਚ ਹੈ।

ਹਰਮਨ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਰਾਹੀਂ ਸਭ ਕੁਝ ਸਾਂਝਾ ਕੀਤਾ ਹੈ। ਹਰਮਨ ਨੇ ਕਿਹਾ ਕਿ ਸਰੀਰਕ ਦਿੱਖ 'ਤੇ ਟਿੱਪਣੀ ਕਰਨ (ਬਾਡੀ-ਸ਼ੇਮਿੰਗ) ਅਤੇ ਚਰਿੱਤਰ ਤੇ ਉਂਗਲ ਚੁੱਕਣ ਵਰਗੇ ਕੰਮ ਸਿਰਫ਼ ਇਸ ਲਈ ਸਹੀ ਨਹੀਂ ਹੁੰਦੇ ਕਿਉਂਕਿ ਤੁਸੀਂ ਉਨ੍ਹਾਂ ਨੂੰ 'ਨੈਤਿਕਤਾ' ਦਾ ਨਾਂ ਦਿੰਦੇ ਹੋ। ਭੀੜ ਦੁਆਰਾ ਕੀਤੀ ਗਈ ਬੇਰਹਿਮੀ ਕਦੇ ਵੀ ਇਨਸਾਫ਼ ਨਹੀਂ ਅਖਵਾ ਸਕਦੀ।

ਹਰਮਨ ਨੇ ਸਪੱਸ਼ਟ ਕੀਤਾ, "ਮੈਨੂੰ ਆਪਣੇ ਆਪ 'ਤੇ ਮਾਣ ਹੈ ਅਤੇ ਉਸ ਵਿਅਕਤੀ 'ਤੇ ਵੀ ਮਾਣ ਹੈ ਜਿਸਨੂੰ ਮੈਂ ਚੁਣਿਆ ਹੈ। ਮੈਂ ਕਦੇ ਵੀ ਕਿਸੇ ਦੀ ਛਾਂ ਹੇਠ ਨਹੀਂ ਰਹੀ ਅਤੇ ਨਾ ਹੀ ਮੈਂ ਕਿਸੇ ਗੁਪਤ ਰਿਸ਼ਤੇ ਦਾ ਹਿੱਸਾ ਰਹੀ ਹਾਂ।"ਹਰਮਨ ਨੇ ਲਿਖਿਆ ਹੈ ਕਿ ਸਾਡਾ ਰਿਸ਼ਤਾ ਪੂਰੀ ਤਰ੍ਹਾਂ ਖੁੱਲ੍ਹਾ ਅਤੇ ਜਨਤਕ ਰਿਹਾ ਹੈ। ਜਿਸ ਵਿਅਕਤੀ ਨੂੰ ਮੈਂ ਚੁਣਿਆ, ਉਹ ਪਹਿਲਾਂ ਹੀ ਕਾਨੂੰਨੀ ਤੌਰ 'ਤੇ ਵੱਖ ਹੋ ਚੁੱਕਿਆ ਸੀ। ਕਿਸੇ ਵੀ ਹੋਰ ਵਿਅਕਤੀ ਵਾਂਗ, ਉਸ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਪੂਰਾ ਹੱਕ ਹੈ। ਇਸੇ ਤਰ੍ਹਾਂ, ਉਸ ਦੀ ਸਾਬਕਾ ਸਾਥਣ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਪੂਰਾ ਹੱਕ ਹੈ।

ਅੰਤ ਵਿੱਚ, ਸਖ਼ਤ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਲਿਖਿਆ, "ਸਾਰੇ 'ਟ੍ਰੋਲ' ਪੇਜਾਂ ਅਤੇ 'ਮੀਮ ਬਣਾਉਣ ਵਾਲਿਆਂ ਨੂੰ ਚੇਤਾਵਨੀ ਹੈ ਕਿ ਉਹ ਤਿਆਰ ਰਹਿਣ। ਅੱਗੇ ਚੱਲ ਕੇ ਤੁਹਾਨੂੰ ਗੰਭੀਰ ਕਾਨੂੰਨੀ ਮਦਦ ਦੀ ਲੋੜ ਪਵੇਗੀ। ਮੇਰੇ ਸੰਜਮ ਨੂੰ ਅਣਜਾਣਪੁਣਾ ਸਮਝਣ ਦੀ ਗਲਤੀ ਨਾ ਕਰਨਾ।" ਹਰਮਨ ਬਰਾੜ ਅਤੇ ਪਰਮੀਸ਼ ਵਰਮਾ ਨੇ ਗੀਤ 'ਦੇਖੀ ਜਾ' ਲਈ ਇਕੱਠੇ ਕੰਮ ਕੀਤਾ। ਇਸ ਤੋਂ ਬਾਅਦ, ਉਹ ਸੋਸ਼ਲ ਮੀਡੀਆ 'ਤੇ ਅਕਸਰ ਇੱਕ-ਦੂਜੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਨ ਲੱਗੇ। ਹਾਲ ਹੀ ਵਿੱਚ, ਦੋਵਾਂ ਦੀ ਇੱਕ ਨਿੱਜੀ ਵੀਡੀਓ ਅਤੇ ਕੁਝ ਤਸਵੀਰਾਂ ਵਾਇਰਲ ਹੋਈਆਂ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ਬਾਰੇ ਅਫਵਾਹਾਂ ਨੂੰ ਹੋਰ ਹਵਾ ਮਿਲੀ।

ਵਿਵਾਦ ਵਧਣ ਤੋਂ ਬਾਅਦ, ਪਰਮੀਸ਼ ਵਰਮਾ ਨੇ 6 ਸਤੰਬਰ 2026 ਨੂੰ ਸੋਸ਼ਲ ਮੀਡੀਆ 'ਤੇ ਆਪਣੇ ਰਿਸ਼ਤੇ ਦੀ ਸਥਿਤੀ ਬਾਰੇ ਸਪੱਸ਼ਟ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਆਪਣੀ ਸਾਬਕਾ ਪਤਨੀ, ਗੀਤ ਗਰੇਵਾਲ ਨਾਲ ਕਾਨੂੰਨੀ ਤੌਰ 'ਤੇ ਤਲਾਕ ਹੋ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਸਮੇਂ ਇੱਕ ਰਿਸ਼ਤੇ ਵਿੱਚ ਹਨ।

ਪਰਮਿਸ਼ ਵਰਮਾ ਦੇ ਤਲਾਕ ਦੀ ਖ਼ਬਰ ਸਾਹਮਣੇ ਆਉਣ ਤੋਂ ਪਹਿਲਾਂ, ਸੋਸ਼ਲ ਮੀਡੀਆ ਦੇ ਬਹੁਤ ਸਾਰੇ ਵਰਤੋਂਕਾਰ ਇਸ ਸਥਿਤੀ ਤੋਂ ਅਣਜਾਣ ਸਨ। ਨਤੀਜੇ ਵਜੋਂ, ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਪਰਮਿਸ਼ ਨੇ ਆਪਣੀ ਪਤਨੀ, ਗੀਤ ਗਰੇਵਾਲ ਨਾਲ ਧੋਖਾਧੜੀ ਕੀਤੀ ਸੀ ਅਤੇ ਉਨ੍ਹਾਂ ਦਾ ਰਿਸ਼ਤਾ ਹਰਮਨ ਬਰਾੜ ਕਾਰਨ ਟੁੱਟਿਆ। ਇਸ ਤੋਂ ਬਾਅਦ, ਹਰਮਨ ਨੂੰ "ਘਰ ਤੋੜਨ ਵਾਲੀ" ਦਾ ਲੇਬਲ ਦਿੱਤਾ ਗਿਆ। ਕੁਝ 'ਟ੍ਰੋਲਜ਼' (trolls) ਨੇ ਉਸ ਦੇ ਚਰਿੱਤਰ 'ਤੇ ਸਵਾਲ ਚੁੱਕੇ ਅਤੇ ਟਿੱਪਣੀਆਂ ਤੇ ਮੀਮ ਪੇਜਾਂ ਰਾਹੀਂ ਉਸ ਦੀ ਸਖ਼ਤ ਆਲੋਚਨਾ ਕੀਤੀ; ਉਸ ਨੂੰ ਆਨਲਾਈਨ 'ਬਾਡੀ-ਸ਼ੇਮਿੰਗ' ਦਾ ਸਾਹਮਣਾ ਵੀ ਕਰਨਾ ਪਿਆ।