ਭਾਰਤ ’ਚ ਸਿਗਰਟ ਦੇ ਧੂੰਏਂ ਕਾਰਨ ਮੌਤਾਂ ਦਾ ਅੰਕੜਾ ਵਧਿਆ |




1990 ’ਚ ਹੋਈਆਂ ਸਨ 2,17,700 ਮੌਤਾਂ, 2023 ’ਚ ਇਹ ਅੰਕੜਾ 3,25,600 ’ਤੇ ਪਹੁੰਚਿਆ |

ਨਵੀਂ ਦਿੱਲੀ : ਭਾਰਤ ’ਚ ਸਿਗਰਟ ਦੇ ਧੂੰਏਂ ਕਾਰਨ ਮੌਤਾਂ ਦਾ ਅੰਕੜਾ 1990 ਦੇ ਮੁਕਾਬਲੇ 2023 ’ਚ ਕਰੀਬ 50 ਫ਼ੀਸਦੀ ਤੱਕ ਵਧ ਗਿਆ ਹੈ। ਲੈਂਸੇਟ ਪਬਲਿਕ ਹੈਲਥ ਜਰਨਲ ’ਚ ਪ੍ਰਕਾਸ਼ਿਤ ਆਲਮੀ ਅਧਿਐਨ ਮੁਤਾਬਕ ਸਿਗਰਟ ਦੇ ਧੂੰਏਂ ਕਾਰਨ ਮੌਤਾਂ ਦੀ ਦਰ ’ਚ ਕਰੀਬ 30 ਫ਼ੀਸਦੀ ਦਾ ਸੁਧਾਰ ਹੋਇਆ ਹੈ । ਅੰਦਾਜ਼ੇ ਇਹ ਵੀ ਦੱਸਦੇ ਹਨ ਕਿ ਭਾਰਤ ’ਚ ਸੈਕਿੰਡ ਹੈਂਡ ਸਮੋਕ (ਦੂਜੇ ਸਿਗਰਟਨੋਸ਼ਾਂ ਵੱਲੋਂ ਛੱਡਿਆ ਗਿਆ ਧੂੰਆਂ ਸਾਹ ਰਾਹੀਂ ਅੰਦਰ ਖਿੱਚਣਾ, ਜਿਸ ਨੂੰ ਪੈਸਿਵ ਸਮੋਕਿੰਗ ਵੀ ਕਿਹਾ ਜਾਂਦਾ ਹੈ) ਦੇ ਸੰਪਰਕ ’ਚ ਆਉਣ ਵਾਲੀ ਆਬਾਦੀ 1990 ਵਿੱਚ 37.5 ਕਰੋੜ ਤੋਂ ਵਧ ਕੇ 2026 ਵਿੱਚ 44.4 ਕਰੋੜ ਹੋ ਗਈ ਹੈ ਜੋ 18.4 ਫ਼ੀਸਦੀ ਦਾ ਵਾਧਾ ਹੈ।
ਖੋਜਕਾਰਾਂ ਦੀ ਕੌਮਾਂਤਰੀ ਟੀਮ ਨੇ 204 ਮੁਲਕਾਂ ਅਤੇ ਖੇਤਰਾਂ ’ਚ ਪੈਸਿਵ ਸਮੋਕਿੰਗ ਦੇ ਸੰਪਰਕ ਵਿੱਚ ਆਉਣ ਅਤੇ ਇਸ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਚਲਣ ਦਾ ਅੰਦਾਜ਼ਾ ਲਾਇਆ ਹੈ। ਖੋਜਕਾਰਾਂ ਮੁਤਾਬਕ 2023 ’ਚ ਸੰਸਾਰ ਭਰ ਵਿੱਚ ਅੰਦਾਜ਼ਨ 2.71 ਅਰਬ ਲੋਕ ਸੈਕਿੰਡ ਹੈਂਡ ਸਮੋਕ ਦੇ ਸੰਪਰਕ ’ਚ ਆਏ ਜਿਨ੍ਹਾਂ ’ਚ 0-14 ਸਾਲ ਦੀ ਉਮਰ ਦੇ 76.7 ਕਰੋੜ ਬੱਚੇ ਵੀ ਸ਼ਾਮਲ ਹਨ। ਚੀਨ, ਭਾਰਤ ਅਤੇ ਇੰਡੋਨੇਸ਼ੀਆ ਦੀ ਹਿੱਸੇਦਾਰੀ ਦੁਨੀਆ ਦੀ ਸੰਪਰਕ ’ਚ ਆਈ ਆਬਾਦੀ ਦਾ ਲਗਭਗ ਅੱਧਾ ਹਿੱਸਾ ਸਨ। ਭਾਰਤ ’ਚ ਪੈਸਿਵ ਸਮੋਕਿੰਗ ਕਾਰਨ 1990 ਵਿੱਚ ਕੁੱਲ ਮੌਤਾਂ 2,17,700 ਸਨ ਜਦੋਂ ਕਿ 2023 ’ਚ ਇਹ 3,25,600 ਸਨ। ਹਾਲਾਂਕਿ ਪ੍ਰਤੀ ਲੱਖ ਆਬਾਦੀ ਪਿੱਛੇ ਮੌਤਾਂ ਦੀ ਦਰ 1990 ’ਚ 46.1 ਤੋਂ ਘਟ ਕੇ 2023 ਵਿੱਚ 30 ਰਹਿ ਗਈ ਜੋ 35 ਫ਼ੀਸਦੀ ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਨਵੀਂ ਦਿੱਲੀ ਦੇ ਪੁਸ਼ਪਾਵਤੀ ਸਿੰਘਾਨੀਆ ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਦੀ ਸੀਨੀਅਰ ਸਲਾਹਕਾਰ ਡਾ. ਨੀਤੂ ਜੈਨ ਨੇ ਦੱਸਿਆ ਕਿ ਦਰਾਂ ’ਚ ਗਿਰਾਵਟ ਦੇ ਬਾਵਜੂਦ ਪੈਸਿਵ ਸਮੋਕਿੰਗ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਹਾਲੇ ਵੀ ਵਧ ਰਹੀ ਹੈ।