ਸੱਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਸਾਧਿਆ ਨਿਸ਼ਾਨਾ |
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਦੇ ਸਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਨੂੰ ਲੈ ਕੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ‘ਟ੍ਰਿਪਲ ਇੰਜਣ’ ਸਰਕਾਰ ਹੋਣ ਦੇ ਬਾਵਜੂਦ ਨੀਅਤ ਦੀ ਲਾਚਾਰੀ ਹੈ ਅਤੇ ਕੋਈ ਜਵਾਬਦੇਹੀ ਵੀ ਨਹੀਂ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਲਟਵਾਰ ਕਰਦਿਆਂ ਇਹ ਵੀ ਕਿਹਾ ਕਿ ਜਵਾਬਦੇਹੀ ਦੀ ਮੰਗ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਵੱਲੋਂ ‘‘ਦਿਮਾਗੀ ਨਕਸਲ’’ ਅਤੇ ‘‘ਨਾਰਾਜ਼ ਫੂਫਾ’’ ਵਰਗੇ ਅਪਮਾਨਜਨਕ ਲਕਬਾਂ (ਟਾਈਟਲਾਂ) ਨਾਲ ਨਵਾਜ਼ ਕੇ ਚੁੱਪ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਹਰ ਵਾਰ ਭਾਜਪਾ ਸਰਕਾਰ ਦਾ ਉਹੀ ਸ਼ਰਮਨਾਕ ਪੈਟਰਨ ਹੈ, ਹਾਦਸਿਆਂ ਤੋਂ ਪਹਿਲਾਂ ਰੋਕਥਾਮ ਨਹੀਂ, ਉਨ੍ਹਾਂ ਤੋਂ ਬਾਅਦ ਬਿਆਨਬਾਜ਼ੀ ਹੁੰਦੀ ਹੈ, ਕੁਝ ਛੋਟੇ ਅਫਸਰਾਂ ’ਤੇ ਜ਼ਿੰਮੇਵਾਰੀ ਮੜ੍ਹ ਦਿੱਤੀ ਜਾਂਦੀ ਹੈ, ਅਤੇ ਅਸਲ ਗੁਨਾਹਗਾਰ ਜਵਾਬਦੇਹੀ ਤੋਂ ਮੁਕਤ ਰਹਿੰਦੇ ਹਨ।’’
ਉਨ੍ਹਾਂ ਕਿਹਾ, ‘‘ਸਤਿਆ ਨਿਕੇਤਨ ਵਿੱਚ ਵਿਦਿਆਰਥੀਆਂ ਦੀ ਰਿਹਾਇਸ਼ ਵਾਲੀ ਇਮਾਰਤ ਦਾ ਡਿੱਗਣਾ ਕੋਈ ਇਕੱਲੀ ਤ੍ਰਾਸਦੀ ਨਹੀਂ ਹੈ। ਪਿਛਲੇ 4 ਮਹੀਨਿਆਂ ਵਿੱਚ ਸੈਦੁਲਾਜਾਬ ਵਿੱਚ ਅਜਿਹੀ ਤ੍ਰਾਸਦੀ ਵਿੱਚ 6 ਲੋਕਾਂ ਦੀ ਮੌਤ ਹੋਈ, ਹੌਜ਼ ਰਾਣੀ ਵਿੱਚ ਅੱਗ ਨੇ 22 ਜਾਨਾਂ ਲੈ ਲਈਆਂ। ਹਰ ਵਾਰ ਜ਼ਿੰਦਗੀਆਂ, ਸੁਪਨੇ ਅਤੇ ਅਰਮਾਨ ਮਲਬੇ ਵਿੱਚ ਦੱਬਦੇ ਹਨ ਅਤੇ ਹਰ ਵਾਰ ਕਾਰਵਾਈ ਗਾਇਬ ਰਹਿੰਦੀ ਹੈ।’’
ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਜਵਾਬਦੇਹੀ ਦੀ ਮੰਗ ਕਰਨ ਵਾਲਿਆਂ ਨੂੰ ਅਪਮਾਨਜਨਕ ਲਕਬਾਂ ਰਾਹੀਂ ਸ਼ਰਮਿੰਦਾ ਅਤੇ ਬਦਨਾਮ ਕਰਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ, ‘‘ਜਵਾਬਦੇਹੀ ਮੰਗਣ ’ਤੇ ਪ੍ਰਧਾਨ ਮੰਤਰੀ ਖੁਦ ਤੁਹਾਨੂੰ ਦਿਮਾਗੀ ਨਕਸਲ, ਨਾਰਾਜ਼ ਫੂਫਾ ਵਰਗੇ ਅਪਮਾਨਜਨਕ ਲਕਬ ਦੇ ਦਿੰਦੇ ਹਨ - ਮਕਸਦ, ਸਵਾਲ ਪੁੱਛਣ ਵਾਲਿਆਂ ਨੂੰ ਸ਼ਰਮਿੰਦਾ ਕਰੋ, ਬਦਨਾਮ ਕਰੋ ਅਤੇ ਚੁੱਪ ਕਰਵਾ ਦਿਓ।’’
ਰਾਹੁਲ ਗਾਂਧੀ ਨੇ ਕਿਹਾ, ‘‘12 ਸਾਲਾਂ ਵਿੱਚ ਇਹ ਸਰਕਾਰ ਦੁਨੀਆ ਭਰ ਦੀਆਂ ਗੱਲਾਂ ਕਰਕੇ ਤੁਹਾਨੂੰ ਗੋਲ-ਗੋਲ ਘੁਮਾਉਂਦੀ ਰਹੀ, ਪਰ ਮੁੱਦੇ ਦੀ ਗੱਲ ਨਹੀਂ ਕੀਤੀ। ਦਿੱਲੀ ਵਿੱਚ ‘‘ਟ੍ਰਿਪਲ ਇੰਜਣ’’ ਸਰਕਾਰ ਹੈ, ਤਾਂ ਹੁਣ ਕਿਸ ਗੱਲ ਤੋਂ ਲਾਚਾਰ ਹੈ?’’
ਉਨ੍ਹਾਂ ਦੋਸ਼ ਲਾਇਆ, ‘‘ਲਾਚਾਰੀ ਨੀਅਤ ਦੀ ਹੈ ਕਿਉਂਕਿ ਜਿੱਥੇ ਨੀਅਤ ਨਹੀਂ ਹੁੰਦੀ, ਉੱਥੇ ਜਵਾਬਦੇਹੀ ਵੀ ਨਹੀਂ ਹੁੰਦੀ।’’ ਰਾਹੁਲ ਗਾਂਧੀ ਨੇ ‘ਟੀਨਾ’ (ਦੇਅਰ ਇਜ਼ ਨੋ ਅਕਾਊਂਟੇਬਿਲਟੀ - TINA) ਹੈਸ਼ਟੈਗ ਦੀ ਵਰਤੋਂ ਕਰਦਿਆਂ ਇਹ ਵੀ ਕਿਹਾ ਕਿ ਕੋਈ ਜਵਾਬਦੇਹੀ ਨਹੀਂ ਹੈ।