58 ਜ਼ਖ਼ਮੀ, ਪਟਾਕੇ ਰੱਖਣ ਵਾਲੀ ਥਾਂ 'ਤੇ ਹੋਇਆ ਧਮਾਕਾ |
ਬੋਲੀਵੀਆ ਦੇ ਪੱਛਮੀ ਸ਼ਹਿਰ ਵਿਆਚਾ (Viacha) ਵਿੱਚ ਅੱਜ ਇੱਕ ਫੌਜੀ ਅੱਡੇ 'ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਘਟਨਾ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 58 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ ਦੀ ਗਿਣਤੀ 10 ਤੋਂ 15 ਦੇ ਵਿਚਕਾਰ ਹੋ ਸਕਦੀ ਹੈ।
ਬੋਲੀਵੀਆ ਦੇ ਰੱਖਿਆ ਮੰਤਰੀ ਅਰਨੈਸਟੋ ਜਸਟਿਨਿਆਨੋ ਨੇ ਦੱਸਿਆ ਕਿ ਜ਼ਖ਼ਮੀ ਹੋਏ 52 ਲੋਕਾਂ ਵਿੱਚੋਂ ਬਹੁਗਿਣਤੀ ਆਮ ਨਾਗਰਿਕ ਹਨ, ਜਦਕਿ ਬਾਕੀ ਫ਼ੌਜੀ ਕਰਮਚਾਰੀ ਹਨ। ਰੱਖਿਆ ਮੰਤਰੀ ਅਨੁਸਾਰ, ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2:30 ਵਜੇ ਉਸ ਥਾਂ 'ਤੇ ਹੋਇਆ ਜਿੱਥੇ ਰੱਖਿਆ ਮੰਤਰਾਲੇ ਦੇ ਆਤਿਸ਼ਬਾਜ਼ੀ ਦੇ ਭੰਡਾਰ ਰੱਖੇ ਹੋਏ ਸਨ।
ਘਟਨਾ ਵਾਲੀ ਥਾਂ 'ਤੇ ਇੱਕ ਐਂਬੂਲੈਂਸ, ਇੱਕ ਮੈਡੀਕਲ ਟੀਮ ਅਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਧਮਾਕੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ, ਬਚਾਅ ਦਲਾਂ ਨੇ ਜ਼ਖ਼ਮੀਆਂ ਦੇ ਇਲਾਜ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਕੰਮ ਸ਼ੁਰੂ ਕੀਤਾ। ਜ਼ਖਮੀਆਂ ਵਿੱਚੋਂ ਚੌਦਾਂ ਨੂੰ ਇਲਾਜ ਲਈ ਲਾ ਪਾਜ਼ (La Paz) ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ; ਇਨ੍ਹਾਂ ਵਿੱਚ ਇੱਕ ਨੌਜਵਾਨ ਲੜਕੀ ਵੀ ਸ਼ਾਮਲ ਹੈ ਜਿਸ ਦੇ ਸਰੀਰ ਦਾ ਲਗਭਗ 90% ਹਿੱਸਾ ਸੜ ਗਿਆ ਹੈ।