ਨੇਪਾਲ ਵਿੱਚ ਹੜ੍ਹਾਂ ਕਾਰਨ ਹੁਣ ਤੱਕ 1,068 ਲੋਕਾਂ ਦੀ ਮੌਤ, 4,600 ਤੋਂ ਵੱਧ ਲੋਕਾਂ ਦੀ ਭਾਲ ਜਾਰੀ |




100 ਚੀਨੀ ਨਾਗਰਿਕ ਵੀ ਲਾਪਤਾ, ਕਈ ਇਲਾਕਿਆਂ ਵਿੱਚ ਜਮ੍ਹਾਂ ਹੋਈ ਗਾਰ ਅਤੇ ਮਲਬੇ ਕਾਰਨ ਰਾਹਤ ਕਾਰਜਾਂ ਵਿੱਚ ਆ ਰਹੀ ਰੁਕਾਵਟ |

ਨੇਪਾਲ ਵਿਚ ਹੜ੍ਹ ਆਉਣ ਦੇ ਇੱਕ ਹਫ਼ਤੇ ਬਾਅਦ ਵੀ ਬਚਾਅ ਕਾਰਜ ਜਾਰੀ ਹਨ। ਇਸ ਆਫ਼ਤ ਦੌਰਾਨ ਲਾਪਤਾ ਹੋਏ ਲੋਕਾਂ ਦੀ ਭਾਲ ਦੇ ਬਾਵਜੂਦ, ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਈ ਇਲਾਕਿਆਂ ਵਿੱਚ ਜਮ੍ਹਾਂ ਹੋਈ ਗਾਰ ਅਤੇ ਮਲਬੇ ਕਾਰਨ ਰਾਹਤ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ।

26 ਅਗਸਤ ਨੂੰ ਆਏ ਹੜ੍ਹਾਂ ਤੋਂ ਬਾਅਦ ਹੁਣ ਤੱਕ ਕੁੱਲ 1,068 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 400 ਦੇ ਮਾਮਲਿਆਂ ਵਿੱਚ ਸਿਰਫ਼ ਅਧੂਰੇ ਅਵਸ਼ੇਸ਼ ਹੀ ਮਿਲੇ ਹਨ। ਲਗਭਗ 4,606 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚ 500 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਨੇਪਾਲ ਵਿੱਚ ਸੜਕ ਅਤੇ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਕਈ ਚੀਨੀ ਨਾਗਰਿਕ ਲਾਪਤਾ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਨੇਪਾਲ ਵਿੱਚ ਲਗਭਗ 100 ਚੀਨੀ ਨਾਗਰਿਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਨੇਪਾਲ ਅਤੇ ਚੀਨ ਦੋਵਾਂ ਦੇਸ਼ਾਂ ਵਿੱਚ ਪ੍ਰਭਾਵਿਤ ਪਰਿਵਾਰ ਆਪਣੇ ਅਜ਼ੀਜ਼ਾਂ ਬਾਰੇ ਸਹੀ ਅਤੇ ਸਪੱਸ਼ਟ ਜਾਣਕਾਰੀ ਦੀ ਮੰਗ ਕਰ ਰਹੇ ਹਨ।

ਇੱਕ ਨੇਪਾਲੀ ਲੜਕੀ ਨੇ ਇਸ ਤਬਾਹੀ ਦੌਰਾਨ ਆਪਣੇ ਪਰਿਵਾਰ ਦੇ 17 ਮੈਂਬਰਾਂ ਨੂੰ ਗੁਆਉਣ ਬਾਰੇ ਦੱਸਿਆ। ਹੜ੍ਹ-ਪ੍ਰਭਾਵਿਤ ਬਿਦੁਰ ਵਿੱਚ ਉਜੜੇ ਹੋਏ ਪਰਿਵਾਰ ਅਸਥਾਈ ਕੈਂਪਾਂ ਵਿੱਚ ਰਹਿ ਰਹੇ ਹਨ, ਪਰ ਉਹਨਾਂ ਦੇ ਮਨਾਂ ਵਿੱਚ ਮੁੜ ਹੜ੍ਹ ਆਉਣ ਦਾ ਡਰ ਬਣਿਆ ਹੋਇਆ ਹੈ। ਨੇਪਾਲ ਵਿੱਚ, ਹੜ੍ਹਾਂ ਤੋਂ ਬਾਅਦ ਸੈਂਕੜੇ ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਅਜਿਹਾ ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਡੀ.ਐਨ.ਏ. (DNA) ਜਾਂਚ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਪਰਿਵਾਰਾਂ ਦੇ ਹਵਾਲੇ ਕੀਤਾ ਜਾ ਸਕੇ।

ਦਰਅਸਲ  ਲੰਬੇ ਸਮੇਂ ਤੱਕ ਪਾਣੀ ਅਤੇ ਚਿੱਕੜ ਵਿੱਚ ਡੁੱਬੇ ਰਹਿਣ ਕਾਰਨ ਲਾਸ਼ਾਂ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਹੈ। ਪਾਣੀ ਵਿੱਚ ਰਹਿਣ ਕਾਰਨ ਬਹੁਤ ਸਾਰੀਆਂ ਲਾਸ਼ਾਂ ਫੁੱਲ ਗਈਆਂ ਹਨ ਅਤੇ ਤੇਜ਼ੀ ਨਾਲ ਗਲ-ਸੜ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਗਈ ਹੈ।

ਇਸ ਦੌਰਾਨ, ਮੁਰਦਾਘਰ ਅਤੇ ਆਰਜ਼ੀ ਕੇਂਦਰ ਵੀ ਲਾਸ਼ਾਂ ਨਾਲ ਭਰ ਗਏ ਹਨ। ਅਜਿਹੇ ਹਾਲਾਤ ਵਿੱਚ, ਪ੍ਰਸ਼ਾਸਨ ਲਈ ਲਾਸ਼ਾਂ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣਾ ਸੰਭਵ ਨਹੀਂ ਹੈ। ਇਸੇ ਕਰਕੇ ਅਣਪਛਾਤੀਆਂ ਲਾਸ਼ਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਜਾ ਰਿਹਾ ਹੈ।