ਕੋਲਕਾਤਾ ’ਚ 2884 ਅਤੇ ਚੇਨਈ ’ਚ 2916.50 ਰੁਪਏ ਹੋਈ ਕਮਰਸ਼ੀਅਲ ਸਿਲੰਡਰ ਦੀ ਕੀਮਤ |
ਨਵੀਂ ਦਿੱਲੀ : ਅੱਜ 1 ਸਤੰਬਰ 2026 ਤੋਂ ਕਮਰਸ਼ੀਅਲ ਸਿਲੰਡਰ ਔਸਤਨ 11.50 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਖਪਤਕਾਰਾਂ ਨੇ ਐੱਲ.ਪੀ.ਜੀ. ਕੁਨੈਕਸ਼ਨ ਦੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਉਨ੍ਹਾਂ ਨੂੰ ਸਬਸਿਡੀ ਦਾ ਫਾਇਦਾ ਲੈਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਈ-ਕੇਵਾਈਸੀ ਕਰਵਾਉਣ ਦੀ ਸਮਾਂ-ਸੀਮਾ 31 ਅਗਸਤ ਸੀ। ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਔਸਤਨ 11.50 ਰੁਪਏ ਤੱਕ ਮਹਿੰਗਾ ਕਰ ਦਿੱਤਾ ਹੈ। ਕੋਲਕਾਤਾ ਵਿੱਚ ਇਸਦੀ ਕੀਮਤ 2884 ਹੋ ਗਈ ਹੈ ਜਦਕਿ ਪਹਿਲਾਂ ਇਹ 2872.50 ਵਿੱਚ ਮਿਲ ਰਿਹਾ ਸੀ। ਇਸ ਤੋਂ ਇਲਾਵਾ ਦਿੱਲੀ ਵਿਚ 2747.50, ਮੁੰਬਈ ’ਚ 2701 ਅਤੇ ਚੇਨਈ ਵਿਚ 2916.50 ਰੁਪਏ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ।
ਇਸ ਤੋਂ ਇਲਾਵਾ 5 ਕਿਲੋ ਵਾਲੇ ਐੱਲ.ਪੀ.ਜੀ. ਦਾ ਭਾਅ ਵੀ 2 ਰੁਪਏ ਵਧ ਗਿਆ ਹੈ। ਹੁਣ ਇਸ ਨੂੰ ਭਰਵਾਉਣ ਲਈ 764 ਰੁਪਏ ਦੇਣੇ ਪੈਣਗੇ। ਕਮਰਸ਼ੀਅਲ ਸਿਲੰਡਰ ਦੇ ਭਾਅ ਵਧਣ ਨਾਲ ਰੈਸਟੋਰੈਂਟ ਮਾਲਕਾਂ ਦਾ ਖਰਚਾ ਮਾਮੂਲੀ ਵਧੇਗਾ। ਅਜਿਹੇ ਵਿੱਚ ਉਹ ਚਾਹ, ਨਾਸ਼ਤੇ ਅਤੇ ਥਾਲੀ ਮਹਿੰਗੇ ਕਰ ਸਕਦੇ ਹਨ। ਵਿਆਹਾਂ ਦੀ ਕੈਟਰਿੰਗ ਵੀ ਮਹਿੰਗੀ ਹੋ ਸਕਦੀ ਹੈ।