ਅਰਸ਼ਦੀਪ, ਕਰਨ ਪ੍ਰਤਾਪ ਅਤੇ ਦਿਲਜੋਤ ਵਜੋਂ ਹੀ ਮੁਲਜ਼ਮਾਂ ਦੀ ਪਛਾਣ |
ਨਵੀਂ ਦਿੱਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 1 ਜਨਵਰੀ 2026 ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਸਟੇਸ਼ਨ ਵਿੱਚ ਹੋਏ ਆਈ.ਈ.ਡੀ. ਧਮਾਕਾ ਮਾਮਲੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਧਮਾਕਾ ਸਵੇਰੇ ਕਰੀਬ 9:40 ਵਜੇ ਨਾਲਾਗੜ੍ਹ ਪੁਲਿਸ ਥਾਣਾ ਕੰਪਲੈਕਸ ਵਿੱਚ ਜਾਂਚ ਅਧਿਕਾਰੀ ਦੇ ਕਮਰੇ ਨਾਲ ਲੱਗਦੀ ਬਾਹਰੀ ਕੰਧ ਦੇ ਨੇੜੇ ਹੋਇਆ ਸੀ।
ਇਹ ਮਾਮਲਾ ਸ਼ੁਰੂ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਸਟੇਸ਼ਨ ਵਿੱਚ ਕੇਸ ਨੰਬਰ 02/2026 ਵਜੋਂ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਐਨ.ਆਈ.ਏ. ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। 8 ਮਈ 2026 ਨੂੰ ਭਾਰਤੀ ਨਿਆਏ ਸੰਹਿਤਾ, ਵਿਸਫੋਟਕ ਪਦਾਰਥ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ RC-27/2026/NIA/DLI ਵਜੋਂ ਮਾਮਲਾ ਦੁਬਾਰਾ ਦਰਜ ਕੀਤਾ।
ਜਾਂਚ ਦੌਰਾਨ ਐਨ.ਆਈ.ਏ. ਨੇ ਤਿੰਨ ਹੋਰ ਮੁਲਜ਼ਮਾਂ ਦੀ ਭੂਮਿਕਾ ਦਾ ਪਤਾ ਲਗਾਇਆ ਹੈ। ਇਹਨਾਂ ਵਿੱਚ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਡੋਲਾ (ਨਿਵਾਸੀ: ਮੋਹੱਲਾ ਸਰਹਿੰਦੀਆ, ਰਾਹੋਂ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਪੰਜਾਬ), ਕਰਨਪ੍ਰਤਾਪ (ਨਿਵਾਸੀ: ਮੋਹੱਲਾ ਰੋਟਾ, ਰਾਹੋਂ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਪੰਜਾਬ) ਅਤੇ ਦਿਲਜੋਤ ਸੈਣੀ (ਨਿਵਾਸੀ: ਝਾਂਸੀ ਪਾਰਕ ਕਾਲੋਨੀ, ਨਵਾਂਸ਼ਹਿਰ ਰੋਡ, ਰਾਹੋਂ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਪੰਜਾਬ) ਸ਼ਾਮਲ ਹਨ। ਐਨ.ਆਈ.ਏ ਨੇ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਹਿਲਾਂ ਹੀ ਪੰਜਾਬ ਦੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਵਿੱਚ ਦਰਜ ਐੱਫ.ਆਈ.ਆਰ. ਨੰਬਰ 11/2026 ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਸਨ।
ਇਸ ਤੋਂ ਪਹਿਲਾਂ ਐਨ.ਆਈ.ਏ. ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ - ਮਹਾਵੀਰ ਕੁਮਾਰ ਉਰਫ਼ ਕਾਕਾ, ਅਜੇ ਮੇਹਰਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਮੁਲਜ਼ਮਾਂ ਨੂੰ ਸ਼ੁਰੂ ਵਿੱਚ ਪੰਜਾਬ ਪੁਲਿਸ ਨੇ ਐਸ.ਐਸ.ਓ.ਸੀ. ਮੋਹਾਲੀ, ਪੰਜਾਬ ਦੀ ਐੱਫ.ਆਈ.ਆਰ. ਨੰਬਰ 02/2026 ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਐਨ.ਆਈ. ਏ. ਨੇ ਉਹਨਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ।
ਤਾਜ਼ਾ ਗ੍ਰਿਫ਼ਤਾਰੀਆਂ ਦੇ ਨਾਲ, ਨਾਲਾਗੜ੍ਹ ਆਈਈਡੀ ਧਮਾਕੇ ਦੇ ਮਾਮਲੇ ਵਿੱਚ ਐਨ.ਆਈ.ਏ. ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ। ਇਹ ਗ੍ਰਿਫ਼ਤਾਰੀਆਂ ਐਨ.ਆਈ.ਏ. ਦੀ ਉਸ ਜਾਂਚ ਦਾ ਹਿੱਸਾ ਹਨ ਜਿਸਦਾ ਮਕਸਦ ਇਸ ਅੱਤਵਾਦੀ ਹਮਲੇ ਦੇ ਪਿੱਛੇ ਦੀ ਵੱਡੀ ਸਾਜ਼ਿਸ਼ ਦਾ ਪਤਾ ਲਗਾਉਣਾ, ਇਸ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨਾ ਅਤੇ ਘਟਨਾ ਨਾਲ ਜੁੜੇ ਵੱਡੇ ਨੈੱਟਵਰਕ ਅਤੇ ਸੰਬੰਧਾਂ ਦਾ ਪਤਾ ਲਗਾਉਣਾ ਹੈ।
ਮੁਲਜ਼ਮਾਂ ਦੀ ਸਹੀ ਭੂਮਿਕਾ ਦਾ ਪਤਾ ਲਗਾਉਣ, ਉਹਨਾਂ ਵਿਚਕਾਰ ਸੰਬੰਧਾਂ ਨੂੰ ਸਮਝਣ, ਸਾਜ਼ਿਸ਼ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕਰਨ ਅਤੇ ਹਮਲੇ ਦੇ ਪਿੱਛੇ ਦੇ ਅਪਰਾਧਿਕ ਨੈੱਟਵਰਕ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।