ਨਵੀਂ ਦਿੱਲੀ : ਪਿਆਜ਼ ਦੀ ਸਪਲਾਈ ਵਧਾਉਣ ਅਤੇ ਵਧੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਮਹਾਰਾਸ਼ਟਰ ਤੋਂ ਖਾਸ ਰੇਲਵੇ ਰੈਕ 'ਕਾਂਦਾ ਐਕਸਪ੍ਰੈਸ' ਰਵਾਨਾ ਹੋ ਗਈ ਹੈ। ਇਹ ਅੱਜ ਮੰਗਲਵਾਰ ਨੂੰ ਦਿੱਲੀ ਪਹੁੰਚੇਗੀ, ਜਿੱਥੋਂ ਦੇਸ਼ ਦੇ ਬਾਕੀ ਹਿੱਸਿਆਂ ਤੱਕ ਬੁੱਧਵਾਰ ਤੱਕ ਪਿਆਜ਼ ਦੀ ਸਪਲਾਈ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਬਾਅਦ ਕੇਂਦਰ ਸਰਕਾਰ ਦਿੱਲੀ-ਐਨਸੀਆਰ, ਚੇਨਈ, ਕੋਲਕਾਤਾ ਅਤੇ ਗੁਵਾਹਾਟੀ ਵਿੱਚ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਸਸਤਾ ਪਿਆਜ਼ ਵੇਚਣ ਦੀ ਸ਼ੁਰੂਆਤ ਕਰੇਗੀ।
ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੀ ਸਕੱਤਰ ਨਿਧੀ ਖਰੇ ਨੇ ਦੱਸਿਆ ਕਿ ਕਾਂਦਾ ਐਕਸਪ੍ਰੈਸ ਤੋਂ ਸਪਲਾਈ ਤੋਂ ਬਾਅਦ ਵਿਭਾਗ ਸਥਿਤੀ ਨੂੰ ਕੰਟਰੋਲ ਕਰ ਲਵੇਗਾ ਅਤੇ ਫੁੱਟਕਲ (ਰੀਟੇਲ) ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪਿਆਜ਼ ਪਹਿਲਾਂ ਵਾਂਗ ਹੀ ਨੈਫੇਡ, ਐਨ.ਸੀ.ਸੀ.ਐਫ., ਸਟਾਲਾਂ ਅਤੇ ਮੋਬਾਈਲ ਵਾਹਨਾਂ ਦੀ ਮਦਦ ਨਾਲ ਵੇਚਿਆ ਜਾਵੇਗਾ। ਇੱਕ ਸਟੈਂਡਰਡ ਫੁੱਲ ਰੈਕ ਵਿੱਚ 42 ਤੋਂ 58 ਡੱਬੇ ਅਤੇ ਮਿਨੀ ਰੈਕ ਵਿੱਚ 20 ਡੱਬੇ ਹੁੰਦੇ ਹਨ। ਇਸ ਵਿੱਚ ਇੱਕ ਵੈਗਨ ਵਿੱਚ ਲਗਭਗ ਚਾਲੀ ਟਰੱਕਾਂ ਦੇ ਬਰਾਬਰ, ਯਾਨੀ 2,200 ਟਨ ਪਿਆਜ਼ ਆ ਰਿਹਾ ਹੈ।
ਖਰੇ ਨੇ ਦੱਸਿਆ ਕਿ ਦੇਸ਼ ਵਿੱਚ ਪਿਆਜ਼ ਦੀ ਨਕਲੀ ਘਾਟ ਬਣਾਈ ਜਾ ਰਹੀ ਹੈ, ਜਿਸ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪਿਆਜ਼ ਦਾ ਮੌਜੂਦਾ ਸਟਾਕ ਤਿਉਹਾਰਾਂ ਦੇ ਸੀਜ਼ਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਇਸ ਲਈ, ਤਿਉਹਾਰਾਂ ਵਿੱਚ ਉਪਭੋਗਤਾਵਾਂ 'ਤੇ ਪਿਆਜ਼ ਦੀ ਮਹਿੰਗਾਈ ਦੀ ਮਾਰ ਨਹੀਂ ਪਵੇਗੀ। ਦੇਸ਼ ਨੂੰ ਹਰ ਰੋਜ਼ ਔਸਤਨ 45 ਹਜ਼ਾਰ ਟਨ ਪਿਆਜ਼ ਦੀ ਲੋੜ ਹੁੰਦੀ ਹੈ। ਯਾਨੀ ਸਾਲ ਭਰ ਵਿੱਚ 1.6 ਤੋਂ 1.7 ਕਰੋੜ ਟਨ ਪਿਆਜ਼ ਦੀ ਖਪਤ ਹੁੰਦੀ ਹੈ।